25.5 C
Jalandhar
Tuesday, August 16, 2022
spot_img

ਉਦਾਰਵਾਦੀ ਨੀਤੀਆਂ ਖਿਲਾਫ ਫੈਸਲਾਕੁੰਨ ਸੰਗਰਾਮ ਵਿੱਢਣੇ ਹੀ ਸ਼ਹੀਦ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ : ਪਾਸਲਾ

ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)-ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦੇਸ਼ ਦਾ ਰਾਜ-ਭਾਗ ਚਲਾ ਰਹੀ ਮੋਦੀ ਸਰਕਾਰ ਵੱਲੋਂ ਦੇਸ਼ ਭਰ ਵਿੱਚ ਮਸਜਿਦਾਂ, ਗਿਰਜਾਘਰਾਂ, ਵਿੱਦਿਅਕ ਸੰਸਥਾਵਾਂ, ਘਰਾਂ-ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ ‘ਤੇ ਹਿੰਸਕ ਹਮਲੇ ਕਰ ਰਹੇ ਹਿੰਦੂਤਵੀ ਗ੍ਰੋਹਾਂ ਦੀ ਕੀਤੀ ਜਾ ਰਹੀ ਨੰਗੀ ਚਿੱਟੀ ਪੁਸ਼ਤ ਪਨਾਹੀ, ਦੇਸ਼ ਦੇ ਅਮਨ-ਚੈਨ ਤੇ ਭਾਈਚਾਰਕ ਸਾਂਝ, ਲੱਖਾਂ ਸ਼ਹਾਦਤਾਂ ਸਦਕਾ ਹਾਸਲ ਕੀਤੀ ਆਜ਼ਾਦੀ ਅਤੇ ਦੇਸ਼ ਦੀ ਏਕਤਾ-ਅਖੰਡਤਾ ਨੂੰ ਭੰਗ ਕਰਨ ਦਾ ਜ਼ਰੀਆ ਬਣੇਗੀ |”
ਉਕਤ ਸ਼ਬਦ ਸਾਮਰਾਜੀ ਸ਼ਹਿ ਪ੍ਰਾਪਤ ‘ਖਾਲਿਸਤਾਨੀ ਦਹਿਸ਼ਤਗਰਦਾਂ ਵਿਰੁੱਧ ਜੂਝਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸਾਥੀ ਦੀਪਕ ਧਵਨ ਅਤੇ ਯੁੱਧ ਸਾਥੀਆਂ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ‘ਚ ਜੁੜੇ ਵਿਸ਼ਾਲ ਲੋਕ ਇੱਕਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ |
ਸਾਥੀ ਪਾਸਲਾ ਨੇ ਕਿਹਾ ਕਿ ਆਰ.ਐਸ.ਐਸ. ਤੇ ਭਾਜਪਾ ਭਾਰਤ ਦੇ ਜਮਹੂਰੀ, ਧਰਮ ਨਿਰਪੱਖ ਅਤੇ ਫੈਡਰਲ ਸਰੂਪ ਨੂੰ ਮਟਿਆਮੇਟ ਕਰਕੇ, ਮੰਨੂਵਾਦੀ ਵਰਣ ਵਿਵਸਥਾ ਦੇ ਚੌਖਟੇ ਵਾਲਾ ਕੱਟੜ ਧਰਮ ਆਧਾਰਿਤ ਹਿੰਦੂ ਰਾਸ਼ਟਰ ਕਾਇਮ ਕਰਨ ਲਈ ਦੇਸ਼ ਭਰ ਵਿੱਚ ਫਿਰਕੂ ਨਫਰਤ ਦੀ ਖਾਈ ਚੌੜੀ ‘ਤੇ ਡੂੰਘੇਰੀ ਕਰਨ ਲੱਗੇ ਹੋਏ ਹਨ, ਜਿਸ ਦੇ ਦੇਸ਼ ਨੂੰ ਦੇਰ-ਸਵੇਰ ਬਹੁਤ ਖਤਰਨਾਕ ਨਤੀਜੇ ਭੁਗਤਣੇ ਪੈਣਗੇ |
ਉਨ੍ਹਾਂ ਕਿਹਾ ਕਿ ਜਿਵੇਂ ਸ਼ਹੀਦ ਦੀਪਕ ਧਵਨ ਅਤੇ ਸਾਥੀਆਂ ਨੇ ਪੰਜਾਬ ਦੇ ਕੁਲਹਿਣੇ ਦੌਰ ‘ਚ ਇੱਥੋਂ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਰਾਖੀ ਲਈ ਜਾਨਾਂ ਕੁਰਬਾਨ ਕੀਤੀਆਂ ਸਨ, ਉਵੇਂ ਹੀ ਅੱਜ ਹਿੰਦੂ ਧਰਮ ਦੇ ਆਪੂੰ ਬਣੇ ਠੇਕੇਦਾਰਾਂ ਤੋਂ ਮੁਸਲਮਾਨਾਂ, ਇਸਾਈਆਂ, ਦਲਿਤਾਂ, ਆਦਿਵਾਸੀਆਂ, ਇਸਤਰੀਆਂ ਤੇ ਮਜ਼ਲੂਮ ਦੀ ਰਾਖੀ ਲਈ ਜਾਨ ਤਲੀ ‘ਤੇ ਧਰਨੀ ਸਮੇਂ ਦੀ ਮੰਗ ਹੈ |
ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟ ਲੋਟੂਆਂ ਤੇ ਜਾਗੀਰਦਾਰਾਂ ਅਤੇ ਉਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਧਨ ਅੰਬਾਰਾਂ ਨੂੰ ਹੋਰ ਵਡੇਰਾ ਕਰਨ ਲਈ 140 ਕਰੋੜ ਭਾਰਤੀਆਂ ਦਾ ਰੱਤ ਨਿਚੋੜਨ ਵਾਲੀਆਂ ਨੀਤੀਆਂ ਲਾਗੂ ਕਰ ਰਹੀ ਹੈ |
ਉਨ੍ਹਾ ਕਿਹਾ ਕਿ ਸੰਘ-ਭਾਜਪਾ ਅਤੇ ਮੋਦੀ ਸਰਕਾਰ ਦੀਆਂ ਤੋੜ ਫੋੜ ਵਾਲੀਆਂ ਵੱਖਵਾਦੀ ਗਤੀਵਿਧੀਆਂ ਸੰਸਾਰ ਭਰ ਵਿੱਚ ਫੈਲੇ ਹਿੰਦੂ ਭਾਈਚਾਰੇ ਦਾ ਅਕਸ ਇਕ ਖੂੰਖਾਰ ਧਰਮ ਵਾਲਾ ਬਣਾ ਰਹੀਆਂ ਹਨ |
ਉਨ੍ਹਾ ਤਨਜ਼ ਨਾਲ ਕਿਹਾ ਕਿ 75 ਸਾਲਾਂ ‘ਚ ਲੋਕਾਂ ਤੋਂ ਟੈਕਸ ਵਸੂਲ ਕੇ ਕਾਇਮ ਕੀਤਾ ਰੇਲਵੇ, ਹਵਾਈ ਸੇਵਾਵਾਂ, ਸੜਕੀ ਆਵਾਜਾਈ, ਬਿਜਲੀ ਢਾਂਚਾ, ਕੋਲਾ ਖਦਾਣਾਂ, ਬੈਂਕਾਂ ਤੇ ਬੀਮਾ ਨਿਗਮ ਅਤੇ ਸਮੁੱਚੀ ਸਰਕਾਰੀ ਜਾਇਦਾਦ ਕੌਡੀਆਂ ਦੇ ਭਾਅ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਜਿਹੇ ਬਘਿਆੜਾਂ ਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਕੇ ਭਾਰਤੀ ਨੂੰ ‘ਵਿਸ਼ਵ ਗੁਰੂ’ ਬਣਾਉਣ ਦੇ ਦਾਅਵੇ ਝੂਠੀਆਂ ਅਫਵਾਹਾਂ ਫੈਲਾ ਕੇ ਦੰਗੇ ਭੜਕਾਉਣ ਦੇ ਮਾਹਿਰ ਸੰਘੀ-ਭਾਜਪਾਈ ਹੀ ਕਰ ਸਕਦੇ ਹਨ | ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਹਰ ਧਰਮ ਨੂੰ ਮੰਨਣ ਵਾਲੇ, ਹਰ ਜਾਤੀ ਨਾਲ ਸੰਬੰਧਤ, ਵੱਖੋ-ਵੱਖ ਭਾਸ਼ਾਵਾਂ ਬੋਲਣ ਵਾਲੇ, ਹਰ ਖਿੱਤੇ ਦੇ ਵਸਨੀਕ ਗਰੀਬਾਂ ਦੀ ਪੀਡੀ ਏਕਤਾ ਕਾਇਮ ਕਰਦਿਆਂ, ਸੰਘ ਪਰਵਾਰ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਮੋਦੀ ਸਰਕਾਰ ਵੱਲੋਂ ਠੋਸੀਆਂ ਜਾ ਰਹੀਆਂ ਨਵ ਉਦਾਰਵਾਦੀ ਨੀਤੀਆਂ ਖਿਲਾਫ਼ ਬੱਝਵੇਂ, ਫੈਸਲਾਕੁੰਨ ਸੰਗਰਾਮ ਵਿੱਢਣੇ ਹੀ ਸ਼ਹੀਦ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ, ਅੇੈਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ, ਏਟਕ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਗਿੱਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਚਮਨ ਲਾਲ ਦਰਾਜ ਕੇ ਅਤੇ ਹੋਰਨਾਂ ਆਗੂਆਂ ਨੇ ਵੀ ਸ਼ਹੀਦ ਹੋਏ ਅਤੇ ਵਿਛੋੜਾ ਦੇ ਗਏ ਜੁਝਾਰੂ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਪਾਰਟੀ ਦੀ ਤਰਨ ਤਾਰਨ ਜ਼ਿਲ੍ਹਾ ਕਮੇਟੀ ਵੱਲੋਂ ਆਯੋਜਿਤ ਸ਼ਹੀਦੀ ਕਾਨਫਰੰਸ ਦੀ ਪ੍ਰਧਾਨਗੀ ਸਰਵਸਾਥੀ ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ ਨੇ ਕੀਤੀ | ਸ਼ਹੀਦ ਸਾਥੀ ਦੀਪਕ ਧਵਨ ਦੇ ਛੋਟੇ ਭਰਾਤਾ ਡਾਕਟਰ ਵਿਆਪਕ ਧਵਨ ਅਤੇ ਭੈਣ ਸਾਥੀ ਇੰਦੂ ਧਵਨ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ | ਸਟੇਜ ਸੰਚਾਲਨ ਦਾ ਕਾਰਜ ਜਸਪਾਲ ਸਿੰਘ ਝਬਾਲ ਨੇ ਕੀਤਾ | ਅਰਸਾਲ ਸਿੰਘ ਸੰਧੂ, ਬਲਦੇਵ ਸਿੰਘ ਭੈਲ, ਕਰਮ ਸਿੰਘ ਫਤਿਆਬਾਦ, ਮਨਜੀਤ ਸਿੰਘ ਬੱਗੂ, ਜਰਨੈਲ ਸਿੰਘ ਦਿਆਲਪੁਰਾ, ਜਸਬੀਰ ਸਿੰਘ ਵੈਰੋਵਾਲ, ਹਰਭਜਨ ਸਿੰਘ, ਧਰਮ ਸਿੰਘ ਪੱਟੀ, ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਜਰਨੈਲ ਸਿੰਘ ਰਸੂਲਪੁਰ ਆਦਿ ਆਗੂ ਤੇ ਹੋਰ ਅਨੇਕਾਂ ਪਤਵੰਤੇ ਸੱਜਣ ਵੀ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles