ਲੂਥਰਾ ਭਰਾ ਫੜੇ ਗਏ

0
22

ਪਣਜੀ : ਥਾਈਲੈਂਡ ਪੁਲਸ ਨੇ ਸੌਰਭ ਲੂਥਰਾ ਤੇ ਉਸ ਦੇ ਭਰਾ ਗੌਰਵ ਲੂਥਰਾ ਨੂੰ ਫੁਕੇਟ ਵਿੱਚ ਹਿਰਾਸਤ ’ਚ ਲੈ ਲਿਆ ਹੈ। ਲੂਥਰਾ ਭਰਾ ਉੱਤਰੀ ਗੋਆ ਦੇ ਅਰਪੋਰਾ ’ਚ ਆਪਣੇ ਨਾਈਟ ਕਲੱਬ ‘ਬਿਰਚ ਬਾਏ ਰੋਮੀਓ ਲੇਨ’ ਵਿੱਚ ਲੱਗੀ ਅੱਗ, ਜਿਸ ਵਿੱਚ 25 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਦੇ ਮਾਮਲੇ ’ਚ ਪੁਲਸ ਨੂੰ ਲੋੜੀਂਦੇ ਹਨ। ਦੋਵੇਂ ਭਰਾ ਸ਼ਨਿੱਚਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੇ ਕੁਝ ਘੰਟਿਆਂ ਮਗਰੋਂ ਥਾਈਲੈਂਡ ਭੱਜ ਗਏ ਸਨ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲੂਥਰਾ ਭਰਾਵਾਂ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਚਾਰਾਜੋਈ ਸ਼ੁੁਰੂ ਕਰ ਦਿੱਤੀ ਗਈ ਹੈ।
ਕਚਹਿਰੀਆਂ ’ਚ ਹੱਤਿਆ
ਅਬੋਹਰ : ਇੱਥੇ ਜੁਡੀਸ਼ੀਅਲ ਕੋਰਟ ਕੰਪਲੈਕਸ ਨੇੜੇ ਪਾਰਕਿੰਗ ਵਿੱਚ ਗੋਲੂ ਪੰਡਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਜਾਰੀ ਦਾ ਪੁੱਤਰ ਗੋਲੂ ਆਪਣੇ ਦੋਸਤਾਂ ਨਾਲ ਇੱਕ ਬਿਨਾਂ ਨੰਬਰ ਵਾਲੀ ਬਿਲਕੁਲ ਨਵੀਂ ਸਕਾਰਪੀਓ ਗੱਡੀ ਵਿੱਚ ਇੱਕ ਕੇਸ ਦੀ ਸੁਣਵਾਈ ਲਈ ਆਇਆ ਸੀ। ਕੁਝ ਵਿਅਕਤੀਆਂ, ਜੋ ਸ਼ਾਇਦ ਉਸ ਦੀ ਉਡੀਕ ਵਿੱਚ ਸਨ, ਨੇ ਉਸ ਉੱਤੇ ਗੋਲੀਆਂ ਚਲਾਈਆਂ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਸਕਦੇ ਹਮਲਾਵਰ ਫਰਾਰ ਹੋ ਗਏ। ਗੋਲੂ ਪੰਡਤ ਨੂੰ ਫੌਰੀ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਪਹਿਲੀ ਨਜ਼ਰੇ ਇਹ ਘਟਨਾ ਗੈਂਗਵਾਰ ਦਾ ਨਤੀਜਾ ਜਾਪਦੀ ਹੈ। ਸੂਤਰਾਂ ਨੇ ਦੱਸਿਆ ਕਿ ਗੋਲੂ ਪੰਡਤ ’ਤੇ ਸਥਾਨਕ ਥਾਣੇ ਵਿੱਚ ਕਈ ਕੇਸ ਦਰਜ ਹਨ।
ਡੰਪਰ ਖੱਡ ’ਚ ਡਿੱਗਣ ਨਾਲ 18 ਮਜ਼ਦੂਰਾਂ ਦੀ ਮੌਤ, 3 ਲਾਪਤਾ
ਤਿਨਸੁਕੀਆ : ਆਸਾਮ ਦੇ ਅੰਜਾਵ ਜ਼ਿਲ੍ਹੇ ਦੇ ਹਯੂਲਿਆਂਗ-ਚਗਲਾਗਾਮ ਰੋਡ ’ਤੇ ਵੀਰਵਾਰ ਡੰਪਰ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 18 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਟੀਮਾਂ ਨੇ 18 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਇੱਕ ਵਿਅਕਤੀ ਨੂੰ ਜ਼ਿੰਦਾ ਪਾਇਆ ਹੈ। ਤਿਨਸੁਕੀਆ ਜ਼ਿਲ੍ਹੇ ਦੇ 22 ਮਜ਼ਦੂਰਾਂ ਨੂੰ ਠੇਕੇਦਾਰ ਇੱਕ ਹੋਸਟਲ ਦੇ ਨਿਰਮਾਣ ਲਈ ਅਰੁਣਾਚਲ ਪ੍ਰਦੇਸ਼ ਲੈ ਕੇ ਗਿਆ ਸੀ। ਡੰਪਰ ਸੜਕ ਤੋਂ ਖਿਸਕ ਕੇ ਲਗਭਗ 1,000 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ।