ਅੰਬਾਲਾ : ਹਰਿਆਣਾ ਦੇ ਟਰਾਂਸਪੋਰਟ ਤੇ ਬਿਜਲੀ ਮੰਤਰੀ ਅਨਿਲ ਵਿੱਜ ਐਤਵਾਰ ਵਾਲ-ਵਾਲ ਬਚੇ, ਜਦੋਂ ਇੱਕ ਵਾਹਨ ਉਨ੍ਹਾ ਦੇ ਸੁਰੱਖਿਆ ਕਾਫਲੇ ਵਿੱਚ ਵੜ ਗਿਆ ਅਤੇ ਉਨ੍ਹਾ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਵਿੱਜ ਦੇ ਅੱਗੇ ਅਤੇ ਪਿੱਛੇ ਸੁਰੱਖਿਆ ਵਾਹਨਾਂ ਦਾ ਕਾਫਲਾ ਚੱਲ ਰਿਹਾ ਸੀ, ਪਰ ਪਡਾਵ ਇਲਾਕੇ ਵਿੱਚ ਇੱਕ ਕਾਲੇ ਰੰਗ ਦੀ ਗੱਡੀ ਨੇ ਸੁਰੱਖਿਆ ਘੇਰਾ ਤੋੜ ਦਿੱਤਾ ਅਤੇ ਸਿੱਧੀ ਮੰਤਰੀ ਦੀ ਕਾਰ ਵਿੱਚ ਵੱਜੀ। ਵਿੱਜ ਨੂੰ ਕੋਈ ਸੱਟ ਨਹੀਂ ਲੱਗੀ। ਕਾਫਲੇ ਦੇ ਕਮਾਂਡੋਜ਼ ਨੇ ਗੱਡੀ ਨੂੰ ਘੇਰ ਲਿਆ। ਜਾਂਚ ਤੋਂ ਪਤਾ ਲੱਗਾ ਕਿ ਡਰਾਈਵਰ ਹਰਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਦਾ ਮੈਂਬਰ ਸੀ। ਪੁਲਸ ਨੇ ਐੱਫ ਆਈ ਆਰ ਦਰਜ ਕਰ ਲਈ ਹੈ।





