ਕਾਂਗਰਸ ਵੱਲੋਂ ਸੰਸਦ ਕੰਪਲੈਕਸ ’ਚ ਮੁਜ਼ਾਹਰਾ

0
27

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਸੰਸਦ ਭਵਨ ਕੰਪਲੈਕਸ ਵਿੱਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਨੈਸ਼ਨਲ ਹੇਰਾਲਡ ਕੇਸ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਅਦਾਲਤ ਤੋਂ ਮਿਲੀ ਰਾਹਤ ਤੋਂ ਬਾਅਦ ਈ ਡੀ ਦੀ ਦੁਰਵਰਤੋਂ ਨੂੰ ਲੈ ਕੇ ਕੀਤਾ ਗਿਆ। ਪਾਰਟੀ ਦੇ ਸੰਸਦ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ, ਕਿਉਂਕਿ ਦਿੱਲੀ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਦੋਵਾਂ ਪਾਰਟੀ ਆਗੂਆਂ ਵਿਰੁੱਧ ਜਾਂਚ ਏਜੰਸੀ ਦੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸੰਸਦ ਦੇ ਮਕਰ ਦੁਆਰ ਦੀਆਂ ਪੌੜੀਆਂ ਦੇ ਸਾਹਮਣੇ ਸੰਸਦ ਮੈਂਬਰਾਂ ਨੇ ‘ਸੱਤਯਮੇਵ ਜੈਯਤੇ’ ਦੇ ਬੈਨਰ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਨਰਿੰਦਰ ਮੋਦੀ ਸਰਕਾਰ ਤੋਂ ਮੁਆਫੀ ਦੀ ਮੰਗ ਕੀਤੀ। ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਮੁਕੁਲ ਵਾਸਨਿਕ, ਸ਼ਸ਼ੀ ਥਰੂਰ, ਤਾਰਿਕ ਅਨਵਰ, ਕੁਮਾਰੀ ਸ਼ੈਲਜਾ, ਕੇ ਸੁਰੇਸ਼ ਅਤੇ ਮਾਨਿਕਮ ਟੈਗੋਰ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕਾਂਗਰਸ ਨੇ ਅਦਾਲਤੀ ਰਾਹਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਵੀ ਕੀਤੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਸੰਸਦ ਦੇ ਅੰਦਰ ਅਤੇ ਬਾਹਰ ਲੜਾਈ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਮੰਗਲਵਾਰ ਦਿੱਲੀ ਦੀ ਅਦਾਲਤ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪੰਜ ਹੋਰਾਂ ਨੂੰ ਰਾਹਤ ਦਿੰਦਿਆਂ ਈ ਡੀ ਦੇ ਮਨੀ ਲਾਂਡਰਿੰਗ ਦੇ ਦੋਸ਼ਾਂ ’ਤੇ ਵਿਚਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ, ਕਿਉਂਕਿ ਏਜੰਸੀ ਦੀ ਜਾਂਚ ਕਿਸੇ ਐੱਫ ਆਈ ਆਰ ਦੀ ਬਜਾਏ ਇੱਕ ਨਿੱਜੀ ਸ਼ਿਕਾਇਤ ’ਤੇ ਅਧਾਰਤ ਸੀ।