ਪੁਣੇ : ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਫਤਰ ਵਿੱਚ ਮੰਤਰੀ ਰਹਿ ਚੁੱਕੇ ਪਿ੍ਰਥਵੀ ਰਾਜ ਚਵਾਨ ਨੇ ਕਿਹਾ ਕਿ ਲੋਕ ਮੰਨਣ ਜਾਂ ਨਾ ਮੰਨਣ, ਪਰ ਅਪ੍ਰੇਸ਼ਨ ਸਿੰਧੂਰ ਦੇ ਪਹਿਲੇ ਦਿਨ 7 ਮਈ ਨੂੰ ਅੱਧੇ ਘੰਟੇ ਦੀ ਹਵਾਈ ਲੜਾਈ ਵਿੱਚ ਭਾਰਤ ਪਾਕਿਸਤਾਨ ਹੱਥੋਂ ਇੱਕ ਤਰ੍ਹਾਂ ਨਾਲ ਮਾਤ ਖਾ ਗਿਆ ਸੀ। ਉਨ੍ਹਾ ਦਾਅਵਾ ਕੀਤਾ ਕਿ ਚਾਰ ਦਿਨਾਂ ਦੀ ਲੜਾਈ ਵਿੱਚ ਭਾਰਤੀ ਜਹਾਜ਼ ਫੁੰਡੇ ਗਏ। ਉਨ੍ਹਾ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਫੁੰਡੇ ਜਾਣ ਦੇ ਡਰੋਂ ਹਵਾਈ ਸੈਨਾ ਨੇ ਜਹਾਜ਼ ਨਹੀਂ ਉਡਾਏ। ਜੇ ਗਵਾਲੀਅਰ, ਬਠਿੰਡਾ ਜਾਂ ਸਿਰਸਾ ਤੋਂ ਕੋਈ ਜਹਾਜ਼ ਉੱਡਿਆ ਵੀ ਤਾਂ ਉਸ ਦੇ ਫੁੰਡੇ ਜਾਣ ਦਾ ਕਾਫੀ ਡਰ ਰਿਹਾ। ਚਵਾਨ ਨੇ ਥਲ ਸੈਨਾ ਰੱਖਣ ਦੀ ਲੋੜ ’ਤੇ ਵੀ ਸਵਾਲ ਉਠਾਇਆ। ਉਨ੍ਹਾ ਕਿਹਾ ਕਿ ‘ਅਪ੍ਰੇਸ਼ਨ ਸਿੰਧੂਰ’ ਦੌਰਾਨ ਥਲ ਸੈਨਾ ਨੇ ਇੱਕ ਕਿੱਲੋਮੀਟਰ ਦੀ ਵੀ ਨਕਲੋ-ਹਰਕਤ ਨਹੀਂ ਕੀਤੀ। ਦੋ ਜਾਂ ਤਿੰਨ ਦਿਨ ਹਵਾਈ ਜਹਾਜ਼ਾਂ ਤੇ ਮਿਜ਼ਾਈਲਾਂ ਨਾਲ ਹੀ ਲੜਾਈ ਹੋਈ। ਉਨ੍ਹਾ ਕਿਹਾ ਕਿ ਅਗਲੀਆਂ ਲੜਾਈਆਂ ਹਵਾਈ ਹੀ ਹੋਣਗੀਆਂ ਅਤੇ ਸੋਚਣਾ ਪੈਣਾ ਕਿ 12 ਲੱਖ ਦੀ ਥਲ ਸੈਨਾ ਰੱਖਣ ਦੀ ਲੋੜ ਹੈ ਕਿ ਨਹੀਂ। ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਭਾਰਤੀ ਸੈਨਾ ਨਾਲ ਨਫਰਤ ਕਰਦੀ ਹੈ।





