ਕੋਲਕਾਤਾ : ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਐਤਵਾਰ ਕਿਹਾ ਕਿ ਜਿਹੜੀਆਂ ਗੈਰ-ਭਾਜਪਾ ਪਾਰਟੀਆਂ ਵਿਸ਼ਵਾਸ ਕਰਦੀਆਂ ਹਨ ਕਿ ਕਾਂਗਰਸ ਨੂੰ ਕੇਂਦਰ ਵਿਚ ਰੱਖੇ ਬਿਨਾਂ ਆਪੋਜ਼ੀਸ਼ਨ ਏਕਤਾ ਸੰਭਵ ਹੈ, ਉਹ ਮੂਰਖਾਂ ਦੀ ਦੁਨੀਆ ਵਿਚ ਵਿਚਰ ਰਹੀਆਂ ਹਨ | ਕਿਸੇ ਪਾਰਟੀ ਦਾ ਨਾਂਅ ਲਏ ਬਿਨਾਂ ਰਮੇਸ਼ ਨੇ ਕਿਹਾ ਕਿ ਕਈ ਖੇਤਰੀ ਪਾਰਟੀਆਂ ਨੇ ਬੀਤੇ ਵਿਚ ਆਪਣੇ ਹਿੱਤਾਂ ਲਈ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਅਜਿਹੀਆਂ ਪਾਰਟੀਆਂ ਨੂੰ ਕਾਂਗਰਸ ਨੂੰ ਪੰਚਿੰਗ ਬੈਗ ਵਜੋਂ ਵਰਤਣਾ ਬੰਦ ਕਰ ਦੇਣਾ ਚਾਹੀਦਾ ਹੈ | ਬੁਨਿਆਦੀ ਤੱਥ ਇਹ ਹੈ ਕਿ ਕਾਂਗਰਸ ਨੂੰ ਧੁਰੀ ਬਣਾਏ ਬਿਨਾਂ ਆਪੋਜ਼ੀਸ਼ਨ ਏਕਤਾ ਨਹੀਂ ਹੋ ਸਕਦੀ | ਇਥੇ ਪਾਰਟੀ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਰਮੇਸ਼ ਨੇ ਕਿਹਾ—ਜੇ ਕੋਈ ਗੈਰ-ਭਾਜਪਾ ਪਾਰਟੀ ਸਮਝਦੀ ਹੈ ਕਿ ਕਾਂਗਰਸ ਤੋਂ ਬਿਨਾਂ ਉਹ ਪੰਜ ਸਾਲ ਪਾਏਦਾਰ ਸਰਕਾਰ ਚਲਾ ਸਕਦੀ ਹੈ ਤਾਂ ਉਹ ਮੂਰਖਾਂ ਦੀ ਦੁਨੀਆ ਵਿਚ ਰਹਿ ਰਹੀ ਹੈ | ਕਾਂਗਰਸ ਨੂੰ ਬਾਹਰ ਰੱਖ ਕੇ ਆਪੋਜ਼ੀਸ਼ਨ ਏਕਤਾ ਕਦੇ ਨਹੀਂ ਹੋ ਸਕਦੀ |
ਹਾਲਾਂਕਿ ਉਨ੍ਹਾ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ-ਟੀਮ ਕਰਾਰ ਦਿੱਤਾ, ਪਰ ਤਿ੍ਣਮੂਲ ਕਾਂਗਰਸ, ਜਿਹੜੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਵਾਂਗ ਕਾਂਗਰਸ ਦਾ ਵਿਰੋਧ ਕਰਦੀ ਹੈ, ਬਾਰੇ ਸਖਤ ਬਿਆਨ ਦੇਣ ਤੋਂ ਬਚਦਿਆਂ ਕਿਹਾ ਕਿ ਉਸ ਦੇ ਨਾਂਅ ਨਾਲ ਕਾਂਗਰਸ ਜੁੜਿਆ ਹੈ | ਉਨ੍ਹਾ ਕਿਹਾ ਕਿ ਕਾਂਗਰਸ ਤੋਂ ਬਿਨਾਂ ਆਪੋਜ਼ੀਸ਼ਨ ਦੀ ਏਕਤਾ ਦੀ ਗੱਲ ਕਰਨ ਵਾਲੇ ਆਪੋਜ਼ੀਸ਼ਨ ਮੋਰਚੇ ਤੇ ਸਭ ਤੋਂ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ | ਉਨ੍ਹਾ ਕਿਹਾ—ਗੱਠਜੋੜ ਕਰਨ ਵੇਲੇ ਤੁਸੀਂ ਕੁਝ ਦਿੰਦੇ ਹੋ ਤੇ ਬਦਲੇ ਵਿਚ ਕੁਝ ਹਾਸਲ ਕਰਦੇ ਹੋ, ਪਰ ਹੁਣ ਤੱਕ ਕਾਂਗਰਸ ਹੀ ਦਿੰਦੀ ਆਈ ਹੈ ਤੇ ਹਰੇਕ ਨੇ ਇਸ ਦਾ ਫਾਇਦਾ ਉਠਾਇਆ | ਫਾਇਦੇ ਉਠਾਉਣ ਤੋਂ ਬਾਅਦ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਪੰਚਿੰਗ ਬੈਗ ਵਾਂਗ ਵਰਤਿਆ | ਹੁਣ ਇਹ ਬੰਦ ਹੋਣਾ ਚਾਹੀਦਾ ਹੈ | ਕਾਂਗਰਸ ਨੂੰ ਭਾਰਤੀ ਸਿਆਸਤ ਦਾ ਵੱਡਾ ਹਾਥੀ ਦੱਸਦਿਆਂ ਰਮੇਸ਼ ਨੇ ਕਿਹਾ ਕਿ ਕਿਸੇ ਨੂੰ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ | ‘ਭਾਰਤ ਜੋੜੋ ਯਾਤਰਾ’ ਬਾਰੇ ਉਨ੍ਹਾ ਕਿਹਾ ਕਿ ਇਸ ਨਾਲ ਕਾਂਗਰਸ ਮਜ਼ਬੂਤ ਹੋਵੇਗੀ ਅਤੇ ਇਸ ਨਾਲ ਵਧੇਰੇ ਹੰਢਣਸਾਰ ਤੇ ਉਸਾਰੂ ਆਪੋਜ਼ੀਸ਼ਨ ਦਾ ਜਨਮ ਹੋਵੇਗਾ | ਰਮੇਸ਼ ਨੇ ਕਿਹਾ ਕਿ ਪੱਛਮੀ ਬੰਗਾਲ ਕਾਂਗਰਸ ਸੂਬੇ ਵਿਚ ਭਾਰਤ ਜੋੜੋ ਯਾਤਰਾ ਵਰਗੀ ਯਾਤਰਾ ਸ਼ੁਰੂ ਕਰੇਗੀ | ਆਗੂ ਰੂਟ ਤੈਅ ਕਰਨ ਲਈ 20 ਸਤੰਬਰ ਨੂੰ ਮੀਟਿੰਗ ਕਰਨਗੇ | ਇਹ ਤਿੰਨ-ਚਾਰ ਮਹੀਨਿਆਂ ਵਿਚ ਸ਼ੁਰੂ ਹੋਵੇਗੀ ਤੇ ਇਸ ਦਾ ਨਾਂਅ ‘ਭਾਰਤ ਜੋੜੋ ਯਾਤਰਾ, ਪੱਛਮੀ ਬੰਗਾਲ’ ਹੋਵੇਗਾ |