ਨਵੀਂ ਦਿੱਲੀ : ਰੇਲ ਮੰਤਰਾਲੇ ਨੇ ਆਮ ਆਦਮੀ ਨੂੰ ਝਟਕਾ ਦਿੰਦਿਆਂ ਰੇਲ ਕਿਰਾਏ ’ਚ ਵਾਧਾ ਕਰ ਦਿੱਤਾ ਹੈ। ਆਮ ਯਾਤਰੀ ਨੂੰ ਸਧਾਰਨ ਸ਼ੇ੍ਰਣੀ ’ਚ ਇਕ ਪੈਸਾ ਪ੍ਰਤੀ ਕਿਲੋਮੀਟਰ ਵੱਧ ਕਿਰਾਇਆ ਦੇਣਾ ਪਵੇਗਾ। ਰੇਲ ਮੰਤਰਾਲੇ ਨੇ ਐਤਵਾਰ ਨੂੰ ਰੇਲ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਸ ਤਹਿਤ 215 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਲਈ ਸਾਧਾਰਨ ਸ਼੍ਰੇਣੀ ਵਿੱਚ 1 ਪੈਸਾ ਪ੍ਰਤੀ ਕਿਲੋਮੀਟਰ ਅਤੇ ਮੇਲ/ਐਕਸਪ੍ਰੈੱਸ ਰੇਲਗੱਡੀਆਂ ਦੀਆਂ ਗੈਰ-ਏ ਸੀ ਸ਼੍ਰੇਣੀਆਂ ਅਤੇ ਸਾਰੀਆਂ ਰੇਲ ਗੱਡੀਆਂ ਦੀਆਂ ਏਸੀ ਸ਼੍ਰੇਣੀਆਂ ਲਈ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਨਵੀਆਂ ਦਰਾਂ 26 ਦਸੰਬਰ, 2025 ਤੋਂ ਲਾਗੂ ਹੋਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਸਬਅਰਬਨ (ਉਪਨਗਰ) ਰੇਲ ਗੱਡੀਆਂ ਦੇ ਮਹੀਨਾਵਾਰ ਸੀਜ਼ਨ ਟਿਕਟਾਂ ਅਤੇ ਹੋਰ ਰੇਲ ਗੱਡੀਆਂ ਦੀ ਸਾਧਾਰਨ ਸ਼੍ਰੇਣੀ ਵਿੱਚ 215 ਕਿਲੋਮੀਟਰ ਤੱਕ ਦੀ ਯਾਤਰਾ ਲਈ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਰਾਏ ਵਿੱਚ ਇਸ ਵਾਧੇ ਨਾਲ 31 ਮਾਰਚ, 2026 ਤੱਕ ਰੇਲਵੇ ਨੂੰ 600 ਕਰੋੜ ਰੁਪਏ ਦੀ ਕਮਾਈ ਹੋਵੇਗੀ। ਰੇਲ ਮੰਤਰਾਲੇ ਦੇ ਅਨੁਸਾਰ ਜੁਲਾਈ 2025 ਵਿੱਚ ਕੀਤੇ ਗਏ ਪਿਛਲੇ ਕਿਰਾਏ ਵਾਧੇ ਨਾਲ ਹੁਣ ਤੱਕ 700 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ। ਰੇਲ ਮੰਤਰਾਲੇ ਨੇ ਦਲੀਲ ਦਿੱਤੀ ਹੈ ਕਿ ਕਾਮਿਆਂ ਦਾ ਖਰਚਾ ਕਰੀਬ ਇੱਕ ਲੱਖ 15 ਹਜ਼ਾਰ ਕਰੋੜ ਵਧ ਗਿਆ ਹੈ। ਪੈਨਸ਼ਨਰਾਂ ਨੂੰ 60 ਹਜ਼ਾਰ ਕਰੋੜ ਰੁਪਏ ਦੇਣੇ ਪੈ ਰਹੇ ਹਨ। ਇਸ ਤੋਂ ਇਲਾਵਾ ਰੇਲਵੇ ਨੂੰ ਚਲਾਉਣ ਦਾ ਕੁਲ ਖਰਚਾ ਇਸ ਮਾਲੀ ਸਾਲ ’ਚ 2 ਲੱਖ 63 ਹਜ਼ਾਰ ਕਰੋੜ ਵਧਿਆ ਹੈ।





