ਸ੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਬੁੱਧਵਾਰ ਇਤਿਹਾਸਕ ਉਪਲੱਬਧੀ ਹਾਸਲ ਕਰਦੇ ਹੋਏ ਆਪਣੇ ਸਭ ਤੋਂ ਭਾਰੀ ਰਾਕੇਟ ਐੱਲ ਵੀ ਐੱਮ 3-ਐੱਮ 6 ਰਾਹੀਂ ਅਮਰੀਕੀ ਕੰਪਨੀ ਏ ਐੱਸ ਟੀ ਸਪੇਸਮੋਬਾਈਲ ਦੇ ‘ਬਲੂਬਰਡ ਬਲਾਕ-2’ ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਲੋਅ ਅਰਥ ਆਰਬਿਟ (ਐੱਲ ਈ ਓ) ਵਿੱਚ ਸਥਾਪਤ ਕਰ ਦਿੱਤਾ।
ਸ੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਸਵੇਰੇ 8:54 ਵਜੇ ਉਡਾਣ ਭਰਨ ਵਾਲੇ 43.5 ਮੀਟਰ ਉੱਚੇ ਇਸ ਰਾਕੇਟ ਨੇ ਲੱਗਭੱਗ 15 ਮਿੰਟਾਂ ਦੀ ਯਾਤਰਾ ਤੋਂ ਬਾਅਦ 6,100 ਕਿੱਲੋ ਵਜ਼ਨੀ ਉਪਗ੍ਰਹਿ ਨੂੰ ਨਿਰਧਾਰਤ ਪੰਧ ਵਿੱਚ ਪਹੁੰਚਾਇਆ। ਇਹ ਭਾਰਤੀ ਧਰਤੀ ਤੋਂ ਬਾਹੂਬਲੀ ਰਾਕੇਟ ਐੱਲ ਵੀ ਐੱਮ 3 ਰਾਹੀਂ ਲਾਂਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ ਹੈ। ਨਿਊ ਸਪੇਸ ਇੰਡੀਆ ਲਿਮਟਿਡ (ਐੱਨ ਐੱਸ ਆਈ ਐੱਲ) ਦੇ ਵਪਾਰਕ ਸੌਦੇ ਤਹਿਤ ਭੇਜਿਆ ਗਿਆ ਇਹ ਉਪਗ੍ਰਹਿ ਸਿੱਧਾ ਸਮਾਰਟਫੋਨਾਂ ’ਤੇ ਹਾਈ-ਸਪੀਡ ਸੈਲੂਲਰ ਬ੍ਰੌਡਬੈਂਡ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ 47 ਅਤੇ 57 ਵੌਇਸ, ਵੀਡੀਓ ਕਾਲਾਂ ਅਤੇ ਡੈਟਾ ਦੀ ਸਹੂਲਤ ਮਿਲੇਗੀ। ਇਹ ਆਉਣ ਵਾਲੇ ਸਮੇਂ ਵਿੱਚ ਮੋਬਾਈਲ ਕਨੈਕਟੀਵਿਟੀ ਦੀ ਦੁਨੀਆ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ। ਇਸ ਸਫਲ ਲਾਂਚਿੰਗ ਦੇ ਨਾਲ ਹੀ ਐੱਲ ਵੀ ਐੱਮ 3 ਰਾਕਟ ਨੇ ਚੰਦਰਯਾਨ-2 ਅਤੇ ਚੰਦਰਯਾਨ-3 ਸਮੇਤ ਲਗਾਤਾਰ ਅੱਠ ਸਫਲ ਮਿਸ਼ਨਾਂ ਦਾ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ ਹੈ।ਇਹ ਮਿਸ਼ਨ ਸਿਰਫ ਇੱਕ ਉਪਗ੍ਰਹਿ ਦੀ ਲਾਂਚਿੰਗ ਨਹੀਂ ਹੈ, ਸਗੋਂ ਇਹ ਭਾਰਤ ਦੀ ਵਧ ਰਹੀ ਪੁਲਾੜ ਸ਼ਕਤੀ ਅਤੇ ਵਿਸ਼ਵ ਵਪਾਰਕ ਬਾਜ਼ਾਰ ਵਿੱਚ ਮਜ਼ਬੂਤ ਪਕੜ ਦਾ ਪ੍ਰਤੀਕ ਹੈ।





