ਨਵੀਂ ਦਿੱਲੀ : ਇੱਥੇ ਇੰਡੀਆ ਗੇਟ ਵਿਖੇ ਆਪਣੀ ਮਾਂ ਨਾਲ ਪ੍ਰੋਟੈੱਸਟ ਕਰ ਰਹੀ ਉਨਾਓ ਰੇਪ ਪੀੜਤਾ ਨੂੰ ਧੱਕੇ ਨਾਲ ਚੁੱਕਣ ’ਤੇ ਰਾਹੁਲ ਗਾਂਧੀ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਇਹ ਪ੍ਰੋਟੈੱਸਟ ਯੂ ਪੀ ਦੇ ਉਨਾਓ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਰੇਪ ਦੇ ਕੇਸ ਵਿੱਚ ਜ਼ਮਾਨਤ ਮਿਲਣ ਉਪਰੰਤ ਕੀਤਾ ਗਿਆ ਸੀ। ਰਾਹੁਲ ਨੇ ਐੱਕਸ ’ਤੇ ਲਿਖਿਆ ਕਿ ਕੀ ਗੈਂਗਰੇਪ ਪੀੜਤਾ ਨਾਲ ਅਜਿਹਾ ਸਲੂਕ ਵਾਜਬ ਹੈ? ਕੀ ਉਸ ਦੀ ‘ਗਲਤੀ’ ਇਹ ਹੈ ਕਿ ਉਹ ਇਨਸਾਫ ਲਈ ਆਪਣੀ ਆਵਾਜ਼ ਉਠਾਉਣ ਦੀ ਹਿੰਮਤ ਕਰ ਰਹੀ ਹੈ? ਉਸ ਦੇ ਅਪਰਾਧੀ (ਸਾਬਕਾ ਭਾਜਪਾ ਵਿਧਾਇਕ) ਨੂੰ ਜ਼ਮਾਨਤ ਮਿਲਣਾ ਬੇਹੱਦ ਨਿਰਾਸ਼ਾਜਨਕ ਤੇ ਸ਼ਰਮਨਾਕ ਹੈ, ਖਾਸਕਰ ਉਦੋਂ ਜਦ ਪੀੜਤਾ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹ ਡਰ ਦੇ ਸਾਏ ਵਿੱਚ ਜੀ ਰਹੀ ਹੋਵੇ। ਬਲਾਤਕਾਰੀਆਂ ਨੂੰ ਜ਼ਮਾਨਤ ਅਤੇ ਪੀੜਤਾਵਾਂ ਨਾਲ ਅਪਰਾਧੀਆਂ ਵਰਗਾ ਸਲੂਕ, ਇਹ ਕੇਹਾ ਇਨਸਾਫ ਹੈ? ਅਸੀਂ ਸਿਰਫ ਮਰੀ ਅਰਥ ਵਿਵਸਥਾ ਨਹੀਂ, ਅਜਿਹੀਆਂ ਅਣਮਨੁੱਖੀ ਘਟਨਾਵਾਂ ਨਾਲ ਮਰਿਆ ਸਮਾਜ ਵੀ ਬਣਦੇ ਜਾ ਰਹੇ ਹਾਂ। ਲੋਕਤੰਤਰ ਵਿੱਚ ਅਸਹਿਮਤੀ ਦੀ ਆਵਾਜ਼ ਉਠਾਉਣਾ ਅਧਿਕਾਰ ਹੈ ਅਤੇ ਉਸ ਨੂੰ ਦਬਾਉਣਾ ਅਪਰਾਧ। ਪੀੜਤਾ ਨੂੰ ਸਨਮਾਨ, ਸੁਰੱਖਿਆ ਤੇ ਇਨਸਾਫ ਮਿਲਣਾ ਚਾਹੀਦਾ ਹੈ, ਨਾ ਕਿ ਬੇਵਸੀ, ਭੈਅ ਤੇ ਅਨਿਆਂ।
ਇਸੇ ਦੌਰਾਨ ਪੀੜਤਾ ਨੇ ਕਿਹਾ ਹੈ ਕਿ ਉਹ ਦਿੱਲੀ ਹਾਈ ਕੋਰਟ ਵੱਲੋਂ ਸੇਂਗਰ ਦੀ ਉਮਰ ਕੈਦ ਮੁਅੱਤਲ ਕਰਨ ਤੇ ਉਸ ਨੂੰ ਜ਼ਮਾਨਤ ਦੇਣ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕਰੇਗੀ।
24 ਸਾਲਾ ਪੀੜਤਾ ਨੇ ਕਿਹਾ, ‘ਸੇਂਗਰ ਸ਼ਕਤੀਸ਼ਾਲੀ ਬੰਦਾ ਹੈ। ਉਹ ਆਪਣੇ ਬੰਦਿਆਂ ਨੂੰ ਇਕੱਠੇ ਕਰਕੇ ਫਿਰ ਗੰਦਾ ਕੰਮ ਕਰਵਾਏਗਾ। ਜਦੋਂ 2019 ਵਿੱਚ ਮੇਰੇ ਕਾਰ ਹਾਦਸੇ ਵਿੱਚ ਮੇਰੇ ਦੋ ਰਿਸ਼ਤੇਦਾਰ ਤੇ ਮੇਰਾ ਵਕੀਲ ਮਾਰੇ ਗਏ ਸਨ ਤਾਂ ਉਹ ਸੇਂਗਰ ਖੁਦ ਸ਼ਾਮਲ ਨਹੀਂ ਸੀ। ਉਸ ਦੇ ਬਾਹਰ ਆਉਣ ਨਾਲ ਅਸੀਂ ਸਾਰੇ ਅਸੁਰੱਖਿਅਤ ਹੋ ਜਾਵਾਂਗੇ। ਮੇਰੇ ਪਰਵਾਰਕ ਮੈਂਬਰਾਂ, ਵਕੀਲਾਂ ਤੇ ਗਵਾਹਾਂ ਦੀ ਸੁਰੱਖਿਆ ਪਹਿਲਾਂ ਹੀ ਵਾਪਸ ਲਈ ਜਾ ਚੁੱਕੀ ਹੈ। ਕੋਰਟ ਦਾ ਫੈਸਲਾ ਸਾਡੇ ਲਈ ਕਾਲ ਤੋਂ ਘੱਟ ਨਹੀਂ। ਪੈਸੇ ਵਾਲੇ ਜਿੱਤ ਜਾਂਦੇ ਹਨ, ਗਰੀਬ ਹਾਰ ਜਾਂਦੇ ਹਨ। ਮੇਰੇ ਛੋਟੇ ਬੱਚੇ ਹਨ। ਸੱਸ ਵੀ ਦਿਵਿਆਂਗ ਹੈ ਅਤੇ ਪਤੀ ਘਰ ਰਹਿੰਦਾ ਹੈ। ਮੇਰੇ ਲਈ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਚਿੰਤਾ ਹੈ।’
ਪੀੜਤਾ ਦੀ ਭੈਣ ਨੇ ਕਿਹਾ, ‘ਉਸ ਨੇ ਮੇਰੇ ਚਾਚੇ ਨੂੰ ਮਾਰਿਆ, ਫਿਰ ਪਿਤਾ ਨੂੰ ਮਾਰਿਆ ਤੇ ਫਿਰ ਭੈਣ ਨਾਲ ਬਲਾਤਕਾਰ ਕੀਤਾ। ਬਾਹਰ ਆ ਕੇ ਸਾਡੇ ਪਰਵਾਰ ਨਾਲ ਪਤਾ ਨਹੀਂ ਕੀ ਕਰੇਗਾ। ਜੇ ਉਸ ਨੂੰ ਜੇਲ੍ਹ ਵਿੱਚੋਂ ਕੱਢਣਾ ਹੈ ਤਾਂ ਸਾਨੂੰ ਅੰਦਰ ਕਰ ਦਿਓ। ਘੱਟੋ-ਘੱਟ ਸਾਡੀ ਜਾਨ ਤਾਂ ਬਚੀ ਰਹੇਗੀ।’
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਸੇਂਗਰ ਦੀ ਸਜ਼ਾ ਇਹ ਕਹਿ ਕੇ ਮੁਅੱਤਲ ਕਰ ਦਿੱਤੀ ਸੀ ਕਿ ਉਹ ਲਗਭਗ 7 ਸਾਲ ਪੰਜ ਮਹੀਨੇ ਸਜ਼ਾ ਭੁਗਤ ਚੁੱਕਾ ਹੈ। ਇਸ ਦੇ ਨਾਲ ਹੀ ਜ਼ਮਾਨਤ ਦੇਣ ਵੇਲੇ ਸ਼ਰਤ ਲਾਈ ਸੀ ਕਿ ਉਹ ਪੀੜਤਾ ਦੇ ਘਰ ਦੇ ਨੇੜੇ ਨਹੀਂ ਜਾਵੇਗਾ। ਹਾਲਾਂਕਿ ਬਲਾਤਕਾਰ ਕੇਸ ਵਿੱਚ ਸੇਂਗਰ ਨੂੰ ਜ਼ਮਾਨਤ ਮਿਲ ਗਈ ਹੈ, ਪਰ ਪੀੜਤਾ ਦੇ ਪਿਤਾ ਦੀ ਹਿਰਾਸਤੀ ਮੌਤ ਦੇ ਮਾਮਲੇ ਵਿੱਚ ਵੀ ਉਹ 10 ਸਾਲ ਦੀ ਕੈਦ ਭੁਗਤ ਰਿਹਾ ਹੈ ਤੇ ਉਸ ਵਿੱਚ ਜ਼ਮਾਨਤ ਨਹੀਂ ਮਿਲੀ, ਉਦੋਂ ਤੱਕ ਉਹ ਅੰਦਰ ਹੀ ਰਹੇਗਾ।





