ਆਕਲੈਂਡ : ਦੱਖਣੀ ਆਕਲੈਂਡ ਵਿੱਚ ਡੈਸਟੀਨੀ ਚਰਚ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਕੀਰਤਨ ਵਿੱਚ ਪਾਏ ਵਿਘਨ ਤੋਂ ਕੁਝ ਦਿਨਾਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ। ਨਿਊਜ਼ੀਲੈਂਡ ਦੇ ਇੱਕ ਵਸਨੀਕ ਨੇ ਸਿੱਖ ਭਾਈਚਾਰੇ ਦੀ ਨਿਰਸਵਾਰਥ ਸੇਵਾ ਨੂੰ ਦਰਸਾਉਂਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਂਝੀ ਕੀਤੀ ਹੈ। ਇਸ ਵਿਅਕਤੀ ਦੀ ਪਛਾਣ ਨੇਟ ਹੈਮਨ ਵਜੋਂ ਹੋਈ ਹੈ। ਨੇਟ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਇੱਕ ਭੋਜਨ ਚੈਰਿਟੀ ਲਈ ਸਥਾਨਕ ਕੋਆਰਡੀਨੇਟਰ ਸਨ ਅਤੇ ਹਫ਼ਤੇ ਵਿੱਚ ਕਈ ਵਾਰ ਉਹ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਂਦੇ ਸਨ। ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਲਗਾਤਾਰ ਤਾਜ਼ੇ ਤਿਆਰ ਕੀਤੇ ਭੋਜਨ ਦੀਆਂ ਟਰੇਆਂ ਲੈ ਕੇ ਉੱਥੇ ਪਹੁੰਚਦੇ ਹਨ, ਜਿਸ ਦਾ ਖਰਚਾ ਅਤੇ ਤਿਆਰੀ ਉਹ ਖੁਦ ਕਰਦੇ ਹਨ ਅਤੇ ਇਹ ਸਭ ਉਹ ਬਿਨਾਂ ਕਿਸੇ ਪਛਾਣ, ਮੀਡੀਆ ਦਾ ਧਿਆਨ ਜਾਂ ਪ੍ਰਸ਼ੰਸਾ ਦੀ ਇੱਛਾ ਦੇ ਕਰਦੇ ਹਨ। ਹੈਮਨ ਨੇ ਕਿਹਾ, “ਉਹ ਬੱਸ ਖਾਣਾ ਛੱਡ ਦਿੰਦੇ ਹਨ, ਨਿਮਰਤਾ ਨਾਲ ਮੁਸਕਰਾਉਂਦੇ ਹਨ ਅਤੇ ਚੁੱਪਚਾਪ ਚਲੇ ਜਾਂਦੇ ਹਨ, ਜੋ ਕਿ ਸ਼ੁੱਧ ਰੂਪ ਵਿੱਚ ਨਿਰਸਵਾਰਥ ਸੇਵਾ ਹੈ।’’ ਉਸ ਨੇ ਆਲੋਚਕਾਂ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਜੇਕਰ ਤੁਹਾਡਾ ਚਰਚ ਤੁਹਾਨੂੰ ਉੱਚਾ ਬੋਲਣ ਵਾਲਾ, ਗੁੱਸੇਖ਼ੋਰ ਅਤੇ ਬੇਰਹਿਮ ਬਣਾਉਂਦਾ ਹੈ, ਜਦੋਂ ਕਿ ਜਿਨ੍ਹਾਂ ਲੋਕਾਂ ’ਤੇ ਤੁਸੀਂ ਹਮਲਾ ਕਰ ਰਹੇ ਹੋ, ਉਹ ਸ਼ਾਂਤੀਪੂਰਵਕ ਭੁੱਖਿਆਂ ਨੂੰ ਖਾਣਾ ਖੁਆ ਰਹੇ ਹਨ, ਤਾਂ ਸਮੱਸਿਆ ਉਨ੍ਹਾਂ ਦੇ ਵਿਸ਼ਵਾਸ ਵਿੱਚ ਨਹੀਂ-ਤੁਹਾਡੀ ਅਗਿਆਨਤਾ ਵਿੱਚ ਹੈ।ਇਹ ਵੀਡੀਓ ਦੱਖਣੀ ਆਕਲੈਂਡ ਵਿੱਚ ਗ੍ਰੇਟ ਸਾਊਥ ਰੋਡ ’ਤੇ ਸਜਾਏ ਗਏ ਨਗਰ ਕੀਰਤਨ ਦੌਰਾਨ ਡੈਸਟੀਨੀ ਚਰਚ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵੱਲੋਂ ਪਾਏ ਗਏ ਵਿਘਨ ਤੋਂ ਬਾਅਦ ਵਾਇਰਲ ਹੋਈ ਹੈ।




