ਦਿੱਲੀ ਹਾਈ ਕੋਰਟ ਅੱਗੇ ਪ੍ਰਦਰਸ਼ਨ

0
35

ਨਵੀਂ ਦਿੱਲੀ : ਉਨਾਓ ਜਬਰ-ਜ਼ਨਾਹ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਕੁਲਦੀਪ ਸੇਂਗਰ ਦੀ ਸਜ਼ਾ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਿੱਚ ਸ਼ੁੱਕਰਵਾਰ ਦਿੱਲੀ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਉਨਾਓ ਬਲਾਤਕਾਰ ਪੀੜਤਾ ਦੇ ਸਮਰਥਨ ਵਿੱਚ ‘ਬਲਾਤਕਾਰੀਆਂ ਨੂੰ ਸੁਰੱਖਿਆ ਦੇਣੀ ਬੰਦ ਕਰੋ’ ਵਰਗੇ ਨਾਅਰੇ ਲਾਏ। ਇਸ ਪ੍ਰਦਰਸ਼ਨ ਵਿੱਚ ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਦੀਆਂ ਮਹਿਲਾ ਕਾਰਕੁਨਾਂ ਦੇ ਨਾਲ ਕਾਰਕੁਨ ਯੋਗਿਤਾ ਭਯਾਨਾ ਅਤੇ ਪੀੜਤਾ ਦੀ ਮਾਂ ਨੇ ਵੀ ਹਿੱਸਾ ਲਿਆ। ਪੀੜਤਾ ਦੀ ਮਾਂ ਨੇ ਕਿਹਾ ਕਿ ਉਹ ਪੂਰੀ ਹਾਈ ਕੋਰਟ ਨੂੰ ਦੋਸ਼ੀ ਨਹੀਂ ਠਹਿਰਾ ਰਹੇ, ਸਗੋਂ ਸਿਰਫ ਉਨ੍ਹਾਂ ਦੋ ਜੱਜਾਂ ਨੂੰ ਹੀ, ਜਿਨ੍ਹਾਂ ਦੇ ਫੈਸਲੇ ਨੇ ਉਨ੍ਹਾਂ ਦਾ ਭਰੋਸਾ ਤੋੜ ਦਿੱਤਾ ਹੈ।
ਮਾਂ ਨੇ ਅੱਗੇ ਕਿਹਾ ਕਿ ਪਹਿਲੇ ਜੱਜਾਂ ਨੇ ਪਰਵਾਰ ਨੂੰ ਇਨਸਾਫ ਦਿੱਤਾ ਸੀ, ਪਰ ਹੁਣ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ ਉਨ੍ਹਾਂ ਦੇ ਪਰਵਾਰ ਨਾਲ ਬੇਇਨਸਾਫ਼ੀ ਹੈ। ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੇਂਗਰ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ, ਜੋ ਕਿ ਦਸੰਬਰ 2019 ਵਿੱਚ ਹੇਠਲੀ ਅਦਾਲਤ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਨਿਰਦੇਸ਼ ਦਿੱਤੇ ਸਨ ਕਿ ਭਾਜਪਾ ਦਾ ਸਾਬਕਾ ਵਿਧਾਇਕ ਨਾ ਹੀ ਪੀੜਤਾ ਜਾਂ ਉਸ ਦੀ ਮਾਂ ਨੂੰ ਧਮਕਾਏਗਾ। ਹਾਲਾਂਕਿ ਸੇਂਗਰ ਅਜੇ ਜੇਲ੍ਹ ਵਿੱਚ ਹੀ ਰਹੇਗਾ, ਕਿਉਂਕਿ ਉਹ ਪੀੜਤਾ ਦੇ ਪਿਤਾ ਦੀ ਹਿਰਾਸਤ ਵਿੱਚ ਹੋਈ ਮੌਤ ਦੇ ਸੰਬੰਧ ਵਿੱਚ 10 ਸਾਲ ਦੀ ਸਜ਼ਾ ਵੀ ਕੱਟ ਰਿਹਾ ਹੈ।