ਦੇਹਰਾਦੂਨ : ਸੂਬੇ ਵਿੱਚ ਜਾਰੀ ‘ਅਪਰੇਸ਼ਨ ਕਾਲਨੇਮੀ’ ਤਹਿਤ ਹੁਣ ਤੱਕ ਤਿੰਨ ਜ਼ਿਲ੍ਹਿਆਂ ਵਿੱਚ 19 ਬੰਗਲਾਦੇਸ਼ੀਆਂ ਸਮੇਤ ਕੁੱਲ 511 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਅਪਰੇਸ਼ਨ ਕਾਲਨੇਮੀ ਜੁਲਾਈ 2025 ਵਿੱਚ ਉਤਰਾਖੰਡ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਰਾਜ ਵਿਆਪੀ ਮੁਹਿੰਮ ਹੈ, ਜਿਸ ਦਾ ਉਦੇਸ਼ ਧਰਮ ਅਤੇ ਆਸਥਾ ਦੀ ਆੜ ਵਿੱਚ ਪਖੰਡ ਅਤੇ ਧੋਖਾਧੜੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨਾ, ਉਨ੍ਹਾਂ ’ਤੇ ਸ਼ਿਕੰਜਾ ਕੱਸਣਾ ਅਤੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨਾ ਹੈ। ਇੱਕ ਸਰਕਾਰੀ ਬਿਆਨ ਅਨੁਸਾਰ ਇਸ ਮੁਹਿੰਮ ਤਹਿਤ ਹਰਿਦੁਆਰ, ਦੇਹਰਾਦੂਨ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ 4,800 ਤੋਂ ਵੱਧ ਲੋਕਾਂ ਦੀ ਤਸਦੀਕ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 511 ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਗਿ੍ਰਫ਼ਤਾਰ ਕੀਤੇ ਗਏ ਲੋਕਾਂ ਵਿੱਚ ਰਾਜ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 19 ਬੰਗਲਾਦੇਸ਼ੀ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 10 ਨੂੰ ਗੁਆਂਢੀ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਨੌਂ ਵਿਰੁੱਧ ਕਾਰਵਾਈ ਚੱਲ ਰਹੀ ਹੈ।




