ਸੀ ਪੀ ਆਈ ਦਾ ਇਤਿਹਾਸ ਕੁਰਬਾਨੀਆਂ ਭਰਿਆ : ਮਾੜੀਮੇਘਾ ਜਸਵਿੰਦਰ ਸਿੰਘ ਭੰਗਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਚੁਣੇ

0
31

ਸੀ ਪੀ ਆਈ ਦਾ ਇਤਿਹਾਸ ਕੁਰਬਾਨੀਆਂ ਭਰਿਆ : ਮਾੜੀਮੇਘਾ
ਜਸਵਿੰਦਰ ਸਿੰਘ ਭੰਗਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਚੁਣੇ
ਬੰਗਾ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਡੈਲੀਗੇਟ ਅਜਲਾਸ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਭਵਨ, ਨਵਾਂ ਸ਼ਹਿਰ ਵਿਖੇ ਹੋਇਆ। ਅਜਲਾਸ ਦੀ ਸ਼ੁਰੂਆਤ ਪਾਰਟੀ ਦੇ 100ਵੇਂ ਵਰੇ੍ਹ ਨੂੰ ਸਮਰਪਤ ਪਾਰਟੀ ਦਾ ਝੰਡਾ ਲਹਿਰਾ ਕੇ ਪਾਰਟੀ ਦੇ ਸੀਨੀਅਰ ਆਗੂਆ ਜਰਨੈਲ ਸਿੰਘ ਪਨਾਮ ਅਤੇ ਜਗਤਾਰ ਸਿੰਘ ਪੁਨੂੰ ਮਜ਼ਾਰਾ ਨੇ ਨਾਹਰਿਆਂ ਦੀ ਗੂੰਜ ’ਚ ਸਾਂਝੇ ਤੌਰ ’ਤੇ ਕੀਤੀ। ਅਜਲਾਸ ’ਚ 60 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ। ਪਰਮਿੰਦਰ ਮੇਨਕਾ, ਜੁਝਾਰ ਸਿੰਘ, ਗੁਰਮੁੱਖ ਸਿੰਘ ਫਰਾਲਾ, ਗੁਰਬਖਸ਼ ਕੌਰ ਰਾਹੋਂ ਦੇ ਪ੍ਰਧਾਨਗੀ ਮੰਡਲ ਨੇ ਅਜਲਾਸ ਦੀ ਪ੍ਰਧਾਨਗੀ ਕੀਤੀ। ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਸੁਤੰਤਰ ਕੁਮਾਰ, ਮੁਕੰਦ ਲਾਲ, ਰਾਮ ਲਾਲ ਚੱਕ ਗੁਰੂ ਅਤੇ ਹੋਰ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਅਤੇ ਮਰਹੂਮ ਕਾਮਰੇਡ ਨਰੰਜਣ ਸਿੰਘ ਸੁੱਜੋਂ ਨੂੰ ਵੀ ਯਾਦ ਕੀਤਾ ਗਿਆ।
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਦੇਵੀ ਕੁਮਾਰੀ ਸਰਹਾਲੀ ਕਲਾਂ ਬਤੌਰ ਅਬਜ਼ਰਬਰ ਸ਼ਾਮਲ ਹੋਏ। ਮਾੜੀਮੇਘਾ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਪਾਰਟੀ ਨੇ ਅਜ਼ਾਦੀ ਅੰਦੋਲਨ ਦੌਰਾਨ ਅਤੇ ਅਜ਼ਾਦੀ ਤੋਂ ਬਾਅਦ ਵੀ ਅਨੇਕਾਂ ਹੀ ਕੁਰਬਾਨੀਆਂ ਦਿੱਤੀਆਂ। ਗ਼ਦਰ ਪਾਰਟੀ ਦੀ ਵਿਰਾਸਤ ਸਾਡੇ ਕੋਲ ਹੈ। ਗ਼ਦਰੀ ਬਾਬੇ ਲੱਖਾਂ, ਕਰੋੜਾਂ ਰੁਪਏ ਦੀਆਂ ਜਾਇਦਾਦਾਂ ਛੱਡ ਕੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਭਾਰਤ ਵਾਪਸ ਆਏ। ਗ਼ਦਰ ਲਹਿਰ ਵਿੱਚੋਂ ਹੀ ਪਾਰਟੀ ਬਣੀ। ਪਹਿਲਾਂ ਕਿਰਤੀ ਪਾਰਟੀ ਬਣੀ। ਭਾਰਤੀ ਕਮਿਊਨਿਸਟ ਪਾਰਟੀ 26 ਦਸੰਬਰ 1925 ਨੂੰ ਬਣੀ। ਭਾਈ ਸੰਤੋਖ ਸਿੰਘ ਧਰਦਿਓ ਪੰਜਾਬ ’ਚ ਸੀ ਪੀ ਆਈ ਦੇ ਪਹਿਲੇ ਸਕੱਤਰ ਚੁਣੇ ਗਏ। ਉਨ੍ਹਾ ਕਿਹਾ ਕਿ 2005 ’ਚ ਡਾ. ਮਨਮੋਹਨ ਸਿੰਘ ਦੀ ਸਰਕਾਰ ਬਣਾਉਣ ਲਈ ਕਮਿਊਨਿਸਟਾਂ ਨੇ ਬਾਹਰੋਂ ਹਮਾਇਤ ਕੀਤੀ ਅਤੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੀ ਮੰਗ ਕਰਦਿਆਂ ਸਰਕਾਰ ’ਤੇ ਦਬਾਅ ਪਾ ਕੇ ਨਰੇਗਾ ਕਾਨੂੰਨ ਬਣਵਾਇਆ, ਸੂਚਨਾ ਦਾ ਅਧਿਕਾਰ, ਗਰੀਬ ਲੋਕਾਂ ਨੂੰ ਅਨਾਜ ਦੇਣ ਆਦਿ ਦਾ ਕਾਨੂੰਨ ਬਣਵਾਇਆ ਇੰਦਰਜੀਤ ਗੁਪਤਾ ਦੇ ਗ੍ਰਹਿ ਮੰਤਰੀ ਬਣਦੇ ਹੀ ਮੁਲਾਜ਼ਮਾਂ ਨੂੰ ਬਣਦੇ ਹੱਕ ਦੁਆਏ। ਉਨ੍ਹਾ ਕਿਹਾ ਕਿ ਸਾਡੇ ਦੇਸ਼ ਦਾ ਮੌਸਮ ਬੜਾ ਵਧੀਆ ਅਤੇ ਫ਼ਸਲਾਂ ਲਈ ਲਾਹੇਵੰਦ ਹੈ, ਇਸ ਕਰਕੇ ਕਾਰਪੋਰੇਟ ਘਰਾਣੇ ਸਾਡੇ ਜੰਗਲਾਂ ਅਤੇ ਹਰ ਇੱਕ ਕਾਰੋਬਾਰ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕੇਂਦਰ ਦੀ ਮੋਦੀ ਸਰਕਾਰ ਸਾਰੇ ਹੀ ਅਦਾਰੇ ਅਡਾਨੀਆ ਅਤੇ ਅੰਬਾਨੀਆ ਨੂੰ ਦੇਣਾ ਚਾਹੁੰਦੀ ਹੈ। ਉਹਨਾ ਕਿਹਾ ਕਿ ਇਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਬਜ਼ੁਰਗਾਂ ਦਾ ਜ਼ਿਲ੍ਹਾ ਹੈ, ਸ਼ਹੀਦ ਭਗਤ ਸਿੰਘ ਦਾ ਪਿੰਡ ਖਟਕੜ ਕਲਾਂ ਇਸ ਜ਼ਿਲ੍ਹੇ ’ਚ ਪੈਂਦਾ ਹੈ, ਇਸ ਲਈ ਪਾਰਟੀ ਲਈ ਖਾਸ ਹੈ। ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜੋ। ਪਾਰਟੀ ਸਕੂਲ ਲਗਾਓ ਅਤੇ ਸੀ ਪੀ ਆਈ ਦੀਆਂ ਬ੍ਰਾਂਚਾਂ ਨੂੰ ਵਧਾਓ।
ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਵਾਮੀ ਜਥੇਬੰਦੀਆਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਪਿੰਡਾਂ ਵਿੱਚ ਮਜ਼ਦੂਰਾਂ ਨੂੰ ਇਕੱਠੇ ਕਰ ਕੇ ਮੀਟਿੰਗਾਂ ਕੀਤੀਆਂ ਜਾਣ। ਲੋਕਾਂ ਨੂੰ ਲਾਮਬੰਦ ਕੀਤਾ ਜਾਵੇ। ਖੱਬੀਆਂ ਪਾਰਟੀਆਂ ਨੂੰ ਨਰੇਗਾ ਨੂੰ ਬਚਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਅੰਤ ਵਿੱਚ 33 ਮੈਂਬਰੀ ਜ਼ਿਲ੍ਹਾ ਕੌਂਸਲ ਚੁਣੀ ਗਈ। ਸਰਬਸੰਮਤੀ ਨਾਲ ਜਸਵਿੰਦਰ ਸਿੰਘ ਭੰਗਲ ਜ਼ਿਲ੍ਹਾ ਸਕੱਤਰ ਚੁਣੇ ਗਏ। ਨਰੰਜਣ ਦਾਸ ਮੇਹਲੀ ਅਤੇ ਗੁਰਮੁੱਖ ਸਿੰਘ ਫਰਾਲਾ ਮੀਤ ਸਕੱਤਰ ਚੁਣੇ ਗਏ। ਜਗਤਾਰ ਸਿੰਘ ਪੁਨੂੰ ਮਜ਼ਾਰਾ ਕੈਸ਼ੀਅਰ ਚੁਣੇ ਗਏ। ਨਵੇਂ ਚੁਣੇ ਗਏ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਜੋ ਵੀ ਪਾਰਟੀ ਨੇ ਉਨ੍ਹਾ ਦੀ ਡਿਊਟੀ ਲਗਾਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਪਰਮਿੰਦਰ ਮੇਨਕਾ, ਜਸਵਿੰਦਰ ਸਿੰਘ ਭੰਗਲ, ਨਰੰਜਣ ਦਾਸ ਮੇਹਲੀ, ਗੁਰਮੁੱਖ ਸਿੰਘ ਫਰਾਲਾ, ਜਗਤਾਰ ਸਿੰਘ ਪੁਨੂੰ ਮਜ਼ਾਰਾ, ਅਮਰਜੀਤ ਮੇਹਲੀ, ਸਤਨਾਮ ਚਾਹਲ, ਹੁਸਨ ਲਾਲ, ਸ਼ੀਲਾ ਰਾਣੀ, ਗੁਰਬਖਸ਼ ਕੌਰ ਰਾਹੋਂ, ਸੰਤੋਖ ਪਾਲ ਰਾਹੋਂ, ਜੋਗਿੰਦਰ ਸਿੰਘ ਜੋਗੀ, ਪਿੰਦੂ ਰਾਣਾ,ਧਰਮ ਪਾਲ ਸਿਆਣਾ, ਨਰਿੰਦਰ ਬੁਰਜ,ਦੇਸ ਰਾਜ ਬੀਕਾ, ਹਸ਼ਮਤ ਅਲੀ, ਜਰਨੈਲ ਸਿੰਘ ਪਨਾਮ, ਨਰਿੰਦਰ ਕਾਲੀਆ, ਬੂਟਾ ਰਾਮ, ਪ੍ਰਸ਼ੋਤਮ ਰਾਮ, ਮਨੋਹਰ ਲਾਲ, ਅਮਰਜੀਤ ਕੌਰ, ਵੀਨਾ ਰਾਣੀ, ਸ਼ੀਲਾ ਸੰਘਾ ਤੇ ਰਾਮ ਆਸਰਾ ਆਦਿ ਹਾਜ਼ਰ ਸਨ।