ਜਲੰਧਰ : ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਬੀਬੀ ਪ੍ਰਕਾਸ਼ ਕੌਰ ਦਾ ਵੀਰਵਾਰ ਸਵੇਰੇ ਇੱਥੇ ਦੇਹਾਂਤ ਹੋ ਗਿਆ | ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ ਤੇ ਕਰੀਬ 83 ਸਾਲ ਦੀ ਉਮਰ ‘ਚ ਉਨ੍ਹਾ ਇਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਆਖਰੀ ਸਾਹ ਲਿਆ |
ਬੀਬੀ ਪ੍ਰਕਾਸ਼ ਕੌਰ ਦਾ ਅੰਤਮ ਸੰਸਕਾਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਸਮਾਜ ਦੀਆਂ ਵੱਖ-ਵੱਖ ਵਰਗਾਂ ਨਾਲ ਸੰਬੰਧਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਮਿ੍ਤਕ ਦੇਹ ‘ਤੇ ਫੁੱਲ ਮਾਲਾਵਾਂ ਤੇ ਦੁਸ਼ਾਲੇ ਚੜ੍ਹਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ |
ਦੱਸਣਯੋਗ ਹੈ ਕਿ ਬੀਬੀ ਪ੍ਰਕਾਸ਼ ਕੌਰ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵਿੱਦਿਅਕ ਖੇਤਰ ਤੋਂ ਕੀਤੀ ਸੀ ਤੇ ਸਾਲ 1977 ‘ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਡਾ. ਸਾਧੂ ਸਿੰਘ ਹਮਦਰਦ ਦੇ ਜੀਵਨ ਸਾਥੀ ਬਣੇ | ਬਾਅਦ ‘ਚ ਉਹ ਲਗਾਤਾਰ ਅਦਾਰਾ ‘ਅਜੀਤ’ ਨਾਲ ਜੁੜੇ ਰਹੇ ਤੇ ਉਮਰ ਭਰ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ | ਉਹ ਸਾਹਿਤਕ ਖੇਤਰ ‘ਚ ਵੀ ਲਗਾਤਾਰ ਸਰਗਰਮ ਰਹੇ ਤੇ ਅਨੇਕਾਂ ਰਚਨਾਵਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ | ਟਰੱਸਟ ਦੀ ਛਤਰ-ਛਾਇਆ ਹੇਠ ਅਦਾਰਾ ‘ਅਜੀਤ’ ਵੱਲੋਂ ਸਮੇਂ-ਸਮੇਂ ‘ਤੇ ਕੀਤੇ ਗਏ ਲੋਕ ਪੱਖੀ ਤੇ ਸਮਾਜਿਕ ਕਾਰਜਾਂ ‘ਚ ਵੀ ਉਹ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ | ਇਸ ਤੋਂ ਇਲਾਵਾ ਡਾ. ਸਾਧੂ ਸਿੰਘ ਹਮਦਰਦ ਦੇ ਜੀਵਨ ‘ਚ ਵੀ ਉਨ੍ਹਾ ਦਾ ਯੋਗਦਾਨ ਬਹੁਤ ਅਹਿਮ ਰਿਹਾ ਤੇ ਉਨ੍ਹਾ ਦੇ ਸਹਿਯੋਗ ਨਾਲ ਹੀ ਡਾ. ਹਮਦਰਦ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਨ ‘ਚ ਸਫਲ ਰਹੇ |
ਬੀਬੀ ਪ੍ਰਕਾਸ਼ ਕੌਰ ਦੇ ਸਵਰਗਵਾਸ ਹੋਣ ‘ਤੇ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ‘ਅਜੀਤ’ ਪ੍ਰਕਾਸ਼ਨ ਸਮੂਹ ਨੇ ਉਨ੍ਹਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਟਰੱਸਟ ਅਤੇ ਅਦਾਰੇ ਦੀ ਬਿਹਤਰੀ ਲਈ ਉਨ੍ਹਾ ਵੱਲੋਂ ਪਿਛਲੇ ਕਰੀਬ ਸਾਢੇ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਪਾਇਆ ਗਿਆ ਯੋਗਦਾਨ ਨਾ ਭੁੱਲਣਯੋਗ ਹੈ ਤੇ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾ ਕਿਹਾ ਕਿ ਬੀਬੀ ਪ੍ਰਕਾਸ਼ ਕੌਰ ਦੇ ਵਿਛੋੜੇ ਨਾਲ ‘ਅਜੀਤ’ ਪਰਵਾਰ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ ਵੱਖ-ਵੱਖ ਸਿਆਸੀ ਤੇ ਸਮਾਜਕ ਆਗੂਆਂ ਤੋਂ ਇਲਾਵਾ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਟਰੱਸਟੀ ਤੇ ਮੈਨੇਜਰ ਗੁਰਮੀਤ ਤੇ ਸਮੂਹ ਸਟਾਫ ਨੇ ਸ਼ਰਧਾਂਜਲੀ ਭੇਟ ਕੀਤੀ | ਬੀਬੀ ਪ੍ਰਕਾਸ਼ ਕੌਰ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਮ ਅਰਦਾਸ 6 ਜਨਵਰੀ (ਮੰਗਲਵਾਰ) ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਜਲੰਧਰ ਵਿਖੇ ਦੁਪਹਿਰ 12 ਤੋਂ 1.30 ਵਜੇ ਤੱਕ ਹੋਵੇਗੀ |





