ਪਾਵਨ ਸਰੂਪਾਂ ਦੇ ਕੇਸ ‘ਚ ਸੁਖਬੀਰ ਦਾ ਕਰੀਬੀ ਸਤਿੰਦਰ ਕੋਹਲੀ ਗਿ੍ਫਤਾਰ

0
17

ਅੰਮਿ੍ਤਸਰ/ਚੰਡੀਗੜ੍ਹ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ/ਗੁਰਜੀਤ ਬਿੱਲਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਅੰਮਿ੍ਤਸਰ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚਾਰਟਰਡ ਅਕਾਊਾਟੈਂਟ ਸਤਿੰਦਰ ਸਿੰਘ ਕੋਹਲੀ ਨੂੰ ਗਿ੍ਫਤਾਰ ਕਰ ਲਿਆ ਹੈ | ਇਸ ਤੋਂ ਬਾਅਦ ਬਾਕੀ ਮੁਲਜ਼ਮਾਂ ਵਿੱਚ ਹੜਕੰਪ ਮਚ ਗਿਆ ਹੈ | ਕੋਹਲੀ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਗਿ੍ਫਤਾਰ ਕਰਨ ਤੋਂ ਬਾਅਦ ਇਹ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜਾਂਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਵੀ ਪੁੱਜ ਸਕਦੀ ਹੈ | ਕੋਹਲੀ, ਜਿੱਥੇ ਸ਼੍ਰੋਮਣੀ ਕਮੇਟੀ ਕੋਲੋਂ ਸਾਲਾਨਾ ਕਰੀਬ ਇੱਕ ਕਰੋੜ ਰੁਪਏ ਲੈਂਦੇ ਸਨ, ਉਥੇ ਉਹ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀ ਏ ਹਨ |
ਲਾਪਤਾ ਸਰੂਪਾਂ ਦੀ ਜਾਂਚ ਤੋਂ ਬਾਅਦ ਕੋਹਲੀ ਨੂੰ ਅਗਸਤ 2020 ਵਿੱਚ ਸ਼੍ਰੋਮਣੀ ਕਮੇਟੀ ਵਿੱਚੋਂ ਕੱਢ ਦਿੱਤਾ ਗਿਆ ਸੀ | ਜਾਂਚ ਕਮੇਟੀ ਨੇ ਕੋਹਲੀ, ਜਿਸ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ, ਕੋਲੋਂ ਦਿੱਤੀ ਤਨਖਾਹ ਵਿੱਚੋਂ 75 ਫੀਸਦੀ 7.20 ਕਰੋੜ ਵਾਪਸ ਲੈਣ ਦੀ ਵੀ ਸਿਫਾਰਸ਼ ਕੀਤੀ ਸੀ, ਪਰ ਇਸ ਸੰਬੰਧੀ ਹਾਲੇ ਕੋਈ ਕਾਰਵਾਈ ਨਹੀ ਹੋਈ | ਇਸ ਦੇ ਨਾਲ ਹੀ ਛੇ ਮੁਲਾਜ਼ਮਾਂ ਨੂੰ ਬਰਖਾਸਤ ਤੇ ਪੰਜ ਨੂੰ ਮੁਅੱਤਲ ਕੀਤਾ ਗਿਆ ਸੀ | ਇਸ ਕੇਸ ਦੇ ਤਿੰਨ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ, ਜਦ ਕਿ 13 ਵਿੱਚੋਂ ਇੱਕ ਵਿਦੇਸ਼ ਵਿੱਚ ਬੈਠਾ ਹੈ | 10 ਨੇ ਸੈਸ਼ਨ ਕੋਰਟ ਵਿੱਚ ਜ਼ਮਾਨਤ ਅਰਜ਼ੀ ਲਗਾਈ ਸੀ, ਜਿਸ ਨੂੰ ਖਾਰਜ ਕੀਤਾ ਜਾ ਚੁੱਕਾ ਹੈ | ਦੋ ਵਿਅਕਤੀਆਂ ਦਲਬੀਰ ਸਿੰਘ ਤੇ ਪਰਮਦੀਪ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੰਤਰਮ ਜ਼ਮਾਨਤ ਦੀ ਅਰਜ਼ੀ ਲਗਾਈ ਹੈ, ਜਿਸ ਦੀ ਸੁਣਵਾਈ 30 ਦਸੰਬਰ ਨੂੰ ਹੋਈ ਸੀ | ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਅਗਲੀ ਸੁਣਵਾਈ 9 ਜਨਵਰੀ ਨੂੰ ਤੈਅ ਕਰ ਦਿੱਤੀ ਸੀ |