ਘਰਾਂ ਨੂੰ ਪਾਣੀ ਦੇ ਕੁਨੈਕਸ਼ਨਾਂ ਬਾਰੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗੁਜਰਾਤ ਆਪਣੇ ਪਾਣੀ ਸਪਲਾਈ ਨੈੱਟਵਰਕ ਨਾਲ ਪਾਣੀ ਪਹੁੰਚਾਉਣ ਦੀ ਮਾਤਰਾ ਤੇ ਗੁਣਵੱਤਾ, ਦੋਹਾਂ ਮਾਮਲਿਆਂ ਵਿੱਚ ਕੌਮੀ ਔਸਤ ਤੋਂ ਕਾਫੀ ਪਿੱਛੇ ਹੈ | ਇਹ ਖੁਲਾਸਾ ਉਦੋਂ ਹੋਇਆ ਹੈ, ਜਦੋਂ ਰਾਜਧਾਨੀ ਗਾਂਧੀਨਗਰ ਵਿੱਚ ਪੀਣ ਵਾਲਾ ਪਾਣੀ ਕਾਫੀ ਗੰਧਲਾ ਹੋ ਚੁੱਕਾ ਹੈ, ਜਿਸ ਨਾਲ ਕੁਝ ਹਿੱਸਿਆਂ ਵਿੱਚ ਤਾਂ 100 ਤੋਂ ਵੱਧ ਟਾਈਫਾਈਡ ਦੇ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਜਲ ਸ਼ਕਤੀ ਮੰਤਰਾਲੇ ਮੁਤਾਬਕ 2024 ਵਿੱਚ ਗੁਜਰਾਤ ਦੇ 50 ਫੀਸਦੀ ਤੋਂ ਵੀ ਘੱਟ ਘਰਾਂ ਨੂੰ ਟੂਟੀਆਂ ਰਾਹੀਂ ਕੁਆਲਿਟੀ ਪਾਣੀ ਮਿਲਿਆ, ਜਦਕਿ ਕੌਮੀ ਔਸਤ 76 ਫੀਸਦੀ ਹੈ | ਰਾਜ ਵਿੱਚ ਸਿਰਫ 58.7 ਫੀਸਦੀ ਘਰਾਂ ਨੂੰ ਪ੍ਰਤੀ ਵਿਅਕਤੀ ਰੋਜ਼ਾਨਾ 55 ਲੀਟਰ ਜਾਂ ਉਸ ਤੋਂ ਵੱਧ ਪਾਣੀ ਮਿਲਿਆ, ਜਿਹੜਾ ਜਲ ਜੀਵਨ ਮਿਸ਼ਨ ਤਹਿਤ ਨਿਰਧਾਰਤ ਟੀਚਾ ਹੈ, ਜਦਕਿ ਕੌਮੀ ਪੱਧਰ ‘ਤੇ ਇਹ ਔਸਤ 80.2 ਫੀਸਦੀ ਹੈ | ਇਸ ਦੇ ਇਲਾਵਾ ਗੁਜਰਾਤ ਵਿੱਚ ਸਿਰਫ 47.3 ਫੀਸਦੀ ਵਾਟਰ ਕੁਨੈਕਸ਼ਨ ਹੀ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ, ਜਦਕਿ ਕੌਮੀ ਔਸਤ 76 ਫੀਸਦੀ ਹੈ | ਗਾਂਧੀਨਗਰ ਵਿੱਚ ਸਿਰਫ 31.9 ਫੀਸਦੀ ਤੇ ਅਹਿਮਦਾਬਾਦ ਵਿੱਚ 46.1 ਫੀਸਦੀ ਘਰਾਂ ਨੂੰ ਹੀ ਪੀਣ ਯੋਗ ਪਾਣੀ ਮੁਹੱਈਆ ਹੋ ਸਕਿਆ ਹੈ | ਰਾਜ ਦੇ 33 ਵਿੱਚੋਂ 19 ਜ਼ਿਲਿ੍ਹਆਂ ਵਿੱਚ 50 ਫੀਸਦੀ ਤੋਂ ਵੀ ਘੱਟ ਘਰਾਂ ਨੂੰ ਟੂਟੀਆਂ ਰਾਹੀਂ ਕੁਆਲਿਟੀ ਪਾਣੀ ਮਿਲਿਆ ਹੈ | ਕਾਂਗਰਸ ਦਾ ਕਹਿਣਾ ਹੈ ਕਿ ਬਨਾਸਕਾਂਠਾ ਤੇ ਦਾਹੋਦ ਜ਼ਿਲਿ੍ਹਆਂ ਵਿੱਚ ਤਾਂ ਘਰੇਲੂ ਪੱਧਰ ‘ਤੇ ਪੀਣ ਯੋਗ ਪਾਣੀ ਬਿਲਕੁਲ ਹੀ ਮੁਹੱਈਆ ਨਹੀਂ ਹੋਇਆ |
ਗੁਜਰਾਤ ਦੇ ਨਾਲ ਪੈਂਦੇ ਮੱਧ ਪ੍ਰਦੇਸ਼ ਦੇ ਦੇਸ਼ ਦੇ ਸਵੱਛਤਮ ਸ਼ਹਿਰ ਇੰਦੌਰ ਵਿੱਚ ਤਾਂ ਦੂਸ਼ਤ ਪਾਣੀ ਨਾਲ ਪਿਛਲੇ ਦਿਨੀਂ 18 ਲੋਕ ਮਾਰੇ ਗਏ ਤੇ ਅਨੇਕਾਂ ਇਲਾਜ ਕਰਵਾ ਰਹੇ ਹਨ | ਗੁਜਰਾਤ ਵਾਂਗ ਮੱਧ ਪ੍ਰਦੇਸ਼ ਵਿੱਚ ਵੀ ਭਾਜਪਾ ਦੀ ਕਈ ਸਾਲ ਤੋਂ ਸਰਕਾਰ ਚੱਲ ਰਹੀ ਹੈ | ਇੰਦੌਰ ਦੇ ਭਾਗੀਰਥਪੁਰਾ ਵਿੱਚ ਨਰਮਦਾ ਨਦੀ ਦੀ ਪਾਈਪ ਲਾਈਨ ਵਿੱਚ ਡਰੇਨੇਜ ਲਾਈਨ ਦਾ ਪਾਣੀ ਮਿਲ ਜਾਣ ਕਾਰਨ ਪਾਣੀ ਦੂਸ਼ਤ ਹੋ ਗਿਆ ਸੀ | ਇਲਾਕੇ ਵਿੱਚ ਲਏ ਗਏ 51 ਨਮੂਨਿਆਂ ਵਿੱਚੋਂ 35 ਵਿੱਚ ਮਲ ਕੋਲੀਫਾਰਮ ਜੀਵਾਣੂ ਦੀ ਮਾਤਰਾ ਪਾਈ ਗਈ | ਇਹ ਮਾਤਰਾ 13 ਤੋਂ 360 ਪ੍ਰਤੀ ਮਿਲੀਮੀਟਰ ਤੱਕ ਸੀ, ਜਦਕਿ ਭਾਰਤੀ ਸਟੈਂਡਰਡ ਮੁਤਾਬਕ ਸੁਰੱਖਿਅਤ ਮੰਨੀ ਜਾਣ ਵਾਲੀ ਗਿਣਤੀ ਜ਼ੀਰੋ ਹੈ | ਇਸ ਤਰ੍ਹਾਂ ਭਾਗੀਰਥਪੁਰਾ ਦੇ ਪਾਣੀ ਵਿੱਚ ਦੂਸ਼ਣ ਪੱਧਰ ਸੁਰੱਖਿਅਤ ਮੰਨੇ ਜਾਣ ਵਾਲੇ ਪੱਧਰ ਨਾਲੋਂ ਕਿਤੇ ਵੱਧ ਹੈ |
ਗੁਜਰਾਤ ਉਹ ਰਾਜ ਹੈ, ਜਿਸ ਦੇ ਵਿਕਾਸ ਦੇ ਮਾਡਲ ਦਾ ਪ੍ਰਚਾਰ ਕਰਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪੁੱਜੇ ਅਤੇ ਮੱਧ ਪ੍ਰਦੇਸ਼ ਨੂੰ ਆਰ ਐੱਸ ਐੱਸ ਦੀ ਲੈਬੋਰੇਟਰੀ ਮੰਨਿਆ ਜਾਂਦਾ ਹੈ |



