ਚੰਡੀਗੜ੍ਹ (ਗੁਰਜੀਤ ਬਿੱਲਾ)
ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ ਐੱਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ (ਈ ਪੀ ਆਈ) 2024 ਲਈ ਪੰਜਾਬ ਨੇ ‘ਲੀਡਰ ਸਟੇਟ’ ਵਜੋਂ ਨਾਮਣਾ ਖੱਟਿਆ ਹੈ।ਇਹ ਜਾਣਕਾਰੀ ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਸਾਂਝੀ ਕੀਤੀ।ਐੱਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ (ਈ ਪੀ ਆਈ) ਇੱਕ ਵਿਆਪਕ, ਡੇਟਾ-ਅਧਾਰਤ ਢਾਂਚਾ ਹੈ, ਜੋ ਨੀਤੀ ਆਯੋਗ ਦੁਆਰਾ ਭਾਰਤ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨਿਰਯਾਤ ਸਬੰਧੀ ਤਿਆਰੀ ਦਾ ਮੁਲਾਂਕਣ ਕਰਨ ਲਈ ਵਿਕਸਤ ਕੀਤਾ ਗਿਆ ਹੈ। ਇਸ ਢਾਂਚੇ ਤਹਿਤ ਚਾਰ ਮੁੱਖ ਥੰਮ੍ਹਾਂ-ਨੀਤੀ ਢਾਂਚਾ, ਵਪਾਰਕ ਵਾਤਾਵਰਣ, ਨਿਰਯਾਤ ਈਕੋ ਸਿਸਟਮ ਅਤੇ ਨਿਰਯਾਤ ਵਿੱਚ ਕੀਤੇ ਪ੍ਰਦਰਸ਼ਨ ਦੇ ਆਧਾਰ ‘ਤੇ ਸੰਸਥਾਗਤ ਸਮਰੱਥਾ, ਖੋਜ ਅਤੇ ਵਿਕਾਸ ਬੁਨਿਆਦੀ ਢਾਂਚਾ, ਲੌਜਿਸਟਿਕਸ ਅਤੇ ਟਰਾਂਸਪੋਰਟ ਕਨੈਕਟੀਵਿਟੀ ਸਮੇਤ 70 ਤੋਂ ਵੱਧ ਸੂਚਕਾਂ ਦਾ ਅਧਿਐਨ ਕਰਦਿਆਂ ਮੁਲਾਂਕਣ ਕੀਤਾ ਜਾਂਦਾ ਹੈ । ਜਿੱਥੇ ਸੂਚਕ ਅੰਕ ਪ੍ਰਤੀਯੋਗੀ ਸੰਘਵਾਦ ਨੂੰ ਉਤਸ਼ਾਹਤ ਕਰਦਾ ਹੈ, ਉੱਥੇ ਹੀ ਰਾਜਾਂ ਨੂੰ ਆਲਮੀ ਵਪਾਰ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਰਣਨੀਤਕ ਖੇਤਰਾਂ ਦੀ ਪਛਾਣ ਕਰਨ ਦੇ ਯੋਗ ਵੀ ਬਣਾਉਂਦਾ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਈ ਪੀ ਆਈ-2024 ਵਿੱਚ ਪੰਜਾਬ ਨੇ ਲੈਂਡਲਾਕਡ ਸੂਬਿਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸ ਨੂੰ ‘ਲੀਡਰ ਸਟੇਟ’ ਐਲਿਨਆ ਗਿਆ ਹੈ। ਇਹ ਪ੍ਰਾਪਤੀ ਇਸ ਕਰਕੇ ਵੀ ਅਹਿਮ ਤੇ ਵਿਸ਼ੇਸ਼ ਹੈ, ਕਿਉਂਕਿ ਚੋਟੀ ਦੇ ਸੱਤ ਦਰਜਾ ਪ੍ਰਾਪਤ ਰਾਜਾਂ ਵਿੱਚੋਂ ਪੰਜ ਤੱਟਵਰਤੀ ਰਾਜ ਹਨ, ਜਿਨ੍ਹਾਂ ਕੋਲ ਸਮੁੰਦਰੀ ਬੰਦਰਗਾਹਾਂ ਤੱਕ ਅੰਦਰੂਨੀ ਪਹੁੰਚ ਹੈ। ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਈ ਪੀ ਆਈ-2024 ਵਿੱਚ ਨੀਤੀ ਲਾਗੂ ਕਰਨ, ਪ੍ਰਸ਼ਾਸਕੀ ਸੁਧਾਰਾਂ ਅਤੇ ਨਤੀਜਾ ਅਧਾਰਤ ਪ੍ਰਦਰਸ਼ਨ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ, ਜੋ ਰਾਜ ਦੀ ਉਦਯੋਗਿਕ ਅਤੇ ਨਿਰਯਾਤ ਦੀ ਅਸਲ ਕਾਰਗੁਜ਼ਾਰੀ ਦੀ ਤਸਵੀਰ ਪੇਸ਼ ਕਰਦਾ ਹੈ। ਪੰਜਾਬ ਦੀ ਤਰੱਕੀ ਕੱਪੜਾ ਉਦਯੋਗ, ਖੇਤੀਬਾੜੀ ਪ੍ਰੋਸੈਸਿੰਗ, ਨਿਰਮਾਣ ਅਤੇ ਸਹਾਇਕ ਖੇਤਰਾਂ ਲਈ ਉਪਲੱਬਧ ਪ੍ਰਗਤੀਸ਼ੀਲ, ਖੇਤਰ ਵਿਸ਼ੇਸ਼ ਉਦਯੋਗਿਕ ਨੀਤੀਆਂ ਦਾ ਨਤੀਜਾ ਹੈ।





