ਸਪੇਨ ‘ਚ ਗੱਡੀਆਂ ਟਕਰਾਈਆਂ, 39 ਮੌਤਾਂ

0
17

ਬਾਰਸੀਲੋਨਾ : ਦੱਖਣੀ ਸਪੇਨ ਵਿੱਚ ਐਤਵਾਰ ਨੂੰ ਤੇਜ਼ ਰਫ਼ਤਾਰ ਰੇਲ ਗੱਡੀ ਲੀਹੋਂ ਲੱਥਣ ਮਗਰੋਂ ਉਲਟ ਦਿਸ਼ਾ ਵਿੱਚ ਪਟੜੀ ‘ਤੇ ਚੜ੍ਹ ਗਈ ਅਤੇ ਸਾਹਮਣਿਓਂ ਆ ਰਹੀ ਰੇਲਗੱਡੀ ਨਾਲ ਟਕਰਾਅ ਗਈ। ਹਾਦਸੇ ਵਿਚ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨਾਂ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਰੇਲ ਆਪਰੇਟਰ ਅਦੀਫ ਅਨੁਸਾਰ ਮਲਾਗਾ ਅਤੇ ਮੈਡਰਿਡ ਵਿਚਕਾਰ ਲੱਗਭੱਗ 300 ਯਾਤਰੀਆਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਦਾ ਆਖਰੀ ਹਿੱਸਾ ਸਥਾਨਕ ਸਮੇਂ ਅਨੁਸਾਰ ਸ਼ਾਮ 7:45 ਵਜੇ ਕੋਰਡੋਬਾ ਨੇੜੇ ਲੀਹੋਂ ਲੱਥ ਗਿਆ ਅਤੇ ਮੈਡਰਿਡ ਤੋਂ ਦੱਖਣੀ ਸਪੈਨਿਸ਼ ਸ਼ਹਿਰ ਹੁਏਲਵਾ ਜਾ ਰਹੀ ਲੱਗਭੱਗ 200 ਯਾਤਰੀਆਂ ਵਾਲੀ ਰੇਲ ਗੱਡੀ ਨਾਲ ਟਕਰਾਅ ਗਿਆ। ਇਸ ਤੋਂ ਪਹਿਲਾਂ ਸਪੇਨ ਦੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਮ੍ਰਿਤਕਾਂ ਦੀ ਗਿਣਤੀ 21 ਹੋਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾ ਕਿਹਾ ਸੀ ਕਿ ਬਚਾਅ ਕਾਰਜਾਂ ਦੌਰਾਨ ਬਾਕੀ ਬਚੇ ਹੋਏ ਲੋਕਾਂ ਨੂੰ ਕੱਢ ਲਿਆ ਹੈ। ਪੁਏਂਤੇ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਮੰਤਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾ ਇਸ ਨੂੰ ‘ਇੱਕ ਸੱਚਮੁੱਚ ਅਜੀਬ’ ਘਟਨਾ ਕਿਹਾ, ਕਿਉਂਕਿ ਹਾਦਸਾ ਟਰੈਕ ਦੇ ਸਮਤਲ ਹਿੱਸੇ ‘ਤੇ ਵਾਪਰਿਆ, ਜਿਸ ਦੀ ਪਿਛਲੇ ਸਾਲ ਮਈ ਵਿੱਚ ਮੁਰੰਮਤ ਕੀਤੀ ਗਈ ਸੀ। ਉਸ ਨੇ ਕਿਹਾ ਕਿ ਜਿਸ ਰੇਲ ਗੱਡੀ ਦਾ ਡੱਬਾ ਲੀਹੋਂ ਲੱਥਾ, ਉਹ ਚਾਰ ਸਾਲ ਤੋਂ ਵੀ ਘੱਟ ਪੁਰਾਣੀ ਸੀ।