ਮੈਨੂੰ ਮਾਰਿਆ ਤਾਂ ਈਰਾਨ ਦੀ ਹਸਤੀ ਮਿਟ ਜਾਵੇਗੀ : ਟਰੰਪ

0
17

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਕਿਹਾ ਕਿ ਜੇ ਈਰਾਨ ਨੇ ਉਨ੍ਹਾ ਦੀ ਹੱਤਿਆ ਕਰਵਾਈ ਤਾਂ ਉਹ ਈਰਾਨ ਦੀ ਹਸਤੀ ਮਿਟਾ ਦੇਣਗੇ। ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੂਨਾਈਟ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ‘‘ਮੈਂ ਬਹੁਤ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜੇ ਕੁਝ ਵੀ ਹੁੰਦਾ ਹੈ, ਤਾਂ ਉਹ ਉਨ੍ਹਾਂ ਨੂੰ ਨਕਸ਼ੇ ਤੋਂ ਮਿਟਾ ਦੇਣਗੇ।’’ ਇਸ ਤੋਂ ਪਹਿਲਾਂ ਈਰਾਨ ਨੇ ਟਰੰਪ ਨੂੰ ਦੇਸ਼ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਾਮੇਨੀ ਵਿਰੁੱਧ ਕੋਈ ਵੀ ਕਾਰਵਾਈ ਕਰਨ ਖਿਲਾਫ ਚੇਤਾਵਨੀ ਦਿੱਤੀ ਸੀ। ਕਾਬਿਲੇਗੌਰ ਹੈ ਕਿ ਟਰੰਪ ਨੇ ਪਹਿਲਾਂ ਖਾਮੇਨੀ ਦੇ ਕਰੀਬ 40 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨ ਦੀ ਗੱਲ ਆਖੀ ਸੀ ਤੇ ਹੁਣ ਈਰਾਨ ਨੂੰ ਨਵੇਂ ਸਿਰੇ ਤੋਂ ਉਪਰੋਕਤ ਚੇਤਾਵਨੀ ਦਿੱਤੀ ਹੈ। ਈਰਾਨ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਜਨਰਲ ਅਬੁਲਫਜ਼ਲ ਸ਼ੇਕਾਰਚੀ ਨੇ ਕਿਹਾ, ‘‘ਟਰੰਪ ਜਾਣਦੇ ਹਨ ਕਿ ਜੇ ਸਾਡੇ ਨੇਤਾ ਵੱਲ ਇੱਕ ਹੱਥ ਵਧਾਇਆ ਗਿਆ ਤਾਂ ਅਸੀਂ ਨਾ ਸਿਰਫ ਉਸ ਹੱਥ ਨੂੰ ਕੱਟ ਦੇਵਾਂਗੇ ਸਗੋਂ ਉਨ੍ਹਾਂ ਦੀ ਦੁਨੀਆ ਨੂੰ ਅੱਗ ਲਗਾ ਦੇਵਾਂਗੇ।’’