ਮੁੰਬਈ : ਭਾਰਤੀ ਰੁਪੱਈਆ ਬੁੱਧਵਾਰ ਸ਼ੁਰੂਆਤੀ ਕਾਰੋਬਾਰ ਵਿੱਚ 76 ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 91.73 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ। ਡਾਲਰ ਦੀ ਸਥਿਰ ਮੰਗ ਤੇ ਆਲਮੀ ਪੱਧਰ ’ਤੇ ਚੌਕਸੀ ਵਾਲੇ ਮਾਹੌਲ ਕਰਕੇ ਰੁਪਏ ਵਿੱਚ ਨਿਘਾਰ ਆਇਆ। ਫਾਰੈਕਸ ਵਪਾਰੀਆਂ ਅਨੁਸਾਰ, ਭੂ-ਸਿਆਸੀ ਬੇਯਕੀਨੀ ਨੇ ਆਲਮੀ ਬਾਜ਼ਾਰਾਂ ਵਿੱਚ ਜੋਖਮ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਘਰੇਲੂ ਸਟਾਕ ਮਾਰਕੀਟ ਵਿੱਚ ਸੁਸਤੀ ਨੇ ਵੀ ਰੁਪਏ ਦੀ ਕਮਜ਼ੋਰੀ ਵਿੱਚ ਵਾਧਾ ਕੀਤਾ ਹੈ।
ਉਧਰ, ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਵੀ ਗਿਰਾਵਟ ਦਰਜ ਕੀਤੀ ਹੈ। ਸੈਂਸੈਕਸ 270.84 ਅੰਕ ਡਿੱਗ ਕੇ 81,909.63, ਜਦੋਂਕਿ ਨਿਫਟੀ 75 ਅੰਕ ਡਿੱਗ ਕੇ 25,157.50 ’ਤੇ ਬੰਦ ਹੋਇਆ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ’ਚੋਂ ਭਾਰਤ ਇਲੈਕਟਰਾਨਿਕਸ, ਆਈ ਸੀ ਆਈ ਸੀ ਆਈ ਬੈਂਕ, ਟਰੈਂਟ, ਲਾਰਸਨ ਐਂਡ ਟੂਬਰੋ, ਐੱਚ ਸੀ ਐੱਲ ਬੈਂਕ ਤੇ ਇਨਫੋਸਿਸ ਦੇ ਸ਼ੇਅਰ ਸਭ ਤੋਂ ਵੱਧ ਨੁਕਸਾਨ ਵਿੱਚ ਰਹੇ। ਇਟਰਨਲ, ਸਨ ਫਾਰਮਾ, ਇੰਟਰਗਲੋਬ ਏਵੀਏਸ਼ਨ ਤੇ ਟਾਟਾ ਸਟੀਲ ਦੇ ਸ਼ੇਅਰਾਂ ਵਿਚ ਤੇਜ਼ੀ ਰਹੀ।





