ਅਮਰੀਕਾ ਦਾ ਦੂਜੀ ਵਾਰ ਰਾਸ਼ਟਰਪਤੀ ਬਣਦਿਆਂ ਹੀ ਡੋਨਾਲਡ ਟਰੰਪ ਨੇ ਜਿਹੜੀਆਂ ਆਪਹੁਦਰੀਆਂ ਸ਼ੁਰੂ ਕੀਤੀਆਂ ਹਨ, ਉਸ ਦਾ ਦੁਨੀਆ ਦੇ ਕਿਸੇ ਵੀ ਦੇਸ਼ ਦੇ ਆਗੂ ਨੇ ਏਨਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ, ਜਿੰਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ’ਚ ਤਕਰੀਰ ਕਰਦਿਆਂ ਕੀਤਾ। ਉਨ੍ਹਾ ਸਾਫ ਸ਼ਬਦਾਂ ਵਿੱਚ ਕਿਹਾ ਕਿ ਅਮਰੀਕੀ ਅਗਵਾਈ ਵਾਲਾ ਪੁਰਾਣਾ ਗਲੋਬਲ ਦੌਰ ਹੁਣ ਇਤਿਹਾਸ ਬਣ ਚੁੱਕਿਆ ਹੈ ਅਤੇ ਜਿਸ ਨੂੰ ‘ਨਿਯਮ ਅਧਾਰਤ ਵਿਵਸਥਾ’ ਕਿਹਾ ਜਾਂਦਾ ਸੀ, ਉਹ ਇੱਕ ਖੂਬਸੂਰਤ ਝੂਠ ਦੇ ਸਿਵਾਇ ਕੁਝ ਨਹੀਂ ਸੀ। ਕਾਰਨੀ ਨੇ ਆਪਣੀ ਤਕਰੀਰ ਦੀ ਸ਼ੁਰੂਆਤ ਹੀ ਇਹ ਕਹਿੰਦਿਆਂ ਕੀਤੀ, ‘‘ਮੈਂ ਸਿੱਧਾ ਤੇ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਪਰਿਵਰਤਨ ਦੇ ਦੌਰ ਵਿੱਚ ਨਹੀਂ ਹਾਂ, ਸਗੋਂ ਅਸੀਂ ਟੁੱਟਣ ਦੇ ਦੌਰ ਵਿੱਚ ਹਾਂ। ਪੁਰਾਣੀ ਵਿਸ਼ਵ ਵਿਵਸਥਾ ਹੁਣ ਵਾਪਸ ਨਹੀਂ ਆਉਣ ਵਾਲੀ।’’ ਅਮਰੀਕੀ ਚੌਧਰਵਾਦ ’ਤੇ ਹਮਲਾ ਕਰਦਿਆਂ ਉਨ੍ਹਾ ਕਿਹਾ ਕਿ ਜਿਸ ਆਰਥਿਕ ਏਕੀਕਰਨ ਨੇ ਕਦੇ ਸਾਂਝੀ ਖੁਸ਼ਹਾਲੀ ਦਾ ਵਾਅਦਾ ਕੀਤਾ ਸੀ, ਅੱਜ ਵੱਡੀਆਂ ਤਾਕਤਾਂ ਉਸੇ ਨੂੰ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕਰ ਰਹੀਆਂ ਹਨ। ਅੱਜ ਦੇ ਦੌਰ ਵਿੱਚ ਟੈਰਿਫ ਸਿਰਫ ਟੈਕਸ ਨਹੀਂ, ਸਗੋਂ ਦਬਾਅ ਪਾਉਣ ਦੇ ਔਜ਼ਾਰ ਬਣ ਗਏ ਹਨ। ਵੱਡੀਆਂ ਤਾਕਤਾਂ ਹੁਣ ਸਪਲਾਈ ਚੇਨ ਤੇ ਵਿੱਤੀ ਪ੍ਰਣਾਲੀਆਂ ਨੂੰ ਦੂਜਿਆਂ ਨੂੰ ਝੁਕਾਉਣ ਲਈ ਹਥਿਆਰ ਦੀ ਤਰ੍ਹਾਂ ਵਰਤ ਰਹੀਆਂ ਹਨ। ਤੁਸੀਂ ਏਕੀਕਰਨ ਦੇ ਉਸ ਝੂਠੇ ਸਹਾਰੇ ਨਹੀਂ ਜੀ ਸਕਦੇ, ਜਿੱਥੇ ਏਕੀਕਰਨ ਤੁਹਾਡੀ ਗੁਲਾਮੀ ਦਾ ਕਾਰਨ ਬਣ ਜਾਵੇ।
ਟਰੰਪ ਅੱਗੇ ਮੂੰਹ ਨਾ ਖੋਲ੍ਹਣ ਵਾਲਿਆਂ ਨੂੰ ਖਬਰਦਾਰ ਕਰਦਿਆਂ ਕਾਰਨੀ ਨੇ ਕਿਹਾ ਕਿ ਕਿਸੇ ਇੱਕ ਦੇਸ਼ (ਅਮਰੀਕਾ) ਉੱਤੇ ਨਿਰਭਰਤਾ ਘੱਟ ਕਰਨ ਲਈ ਵਪਾਰਕ ਰਿਸ਼ਤਿਆਂ ਵਿੱਚ ਵਿਵਧਤਾ ਲਿਆਉਣੀ ਲਾਜ਼ਮੀ ਹੋ ਗਈ ਹੈ। ਦਰਮਿਆਨੀਆਂ ਤਾਕਤਾਂ ਨੂੰ ਇੱਕਜੁੱਟ ਹੋਣਾ ਪਵੇਗਾ। ਪੁਰਾਣੇ ਦੌਰ ਲਈ ਸ਼ੋਕ ਮਨਾਉਣ ਦਾ ਵੇਲਾ ਨਹੀਂ। ਬੀਤੇ ਦੀਆਂ ਯਾਦਾਂ ਵਿੱਚ ਗੁਆਚੇ ਰਹਿਣਾ ਕੋਈ ਰਣਨੀਤੀ ਨਹੀਂ ਹੈ। ਇਸ ਬਿਖਰਾਅ ਤੋਂ ਅਸੀਂ ਕੁਝ ਬਿਹਤਰ, ਮਜ਼ਬੂਤ ਤੇ ਵਧੇਰੇ ਨਿਆਂਪੂਰਣ ਨਿਰਮਾਣ ਕਰ ਸਕਦੇ ਹਾਂ।
ਮਾਰਕ ਕਾਰਨੀ ਦਾ ਇਹ ਬਿਆਨ ਨਾ ਸਿਰਫ ਅਮਰੀਕਾ ਲਈ ਵੱਡੀ ਚੁਣੌਤੀ ਹੈ, ਸਗੋਂ ਇਹ ਬਦਲਦੀ ਵਿਸ਼ਵ ਸਿਆਸਤ ਦਾ ਇੱਕ ਨਵਾਂ ਮੈਨੀਫੈਸਟੋ ਵੀ ਹੈ। ਕਾਰਨੀ ਨੇ ਇਹ ਤਕਰੀਰ ਕਰਨ ਤੋਂ ਪਹਿਲਾਂ ਚੀਨ ਦਾ ਦੌਰਾ ਕੀਤਾ, ਜਿੱਥੇ ਦੋਨੋਂ ਦੇਸ਼ ਆਪਸੀ ਵਪਾਰ ਵਧਾਉਣ ਲਈ ਟੈਕਸ ਘਟਾਉਣ ਲਈ ਸਹਿਮਤ ਹੋਏ। ਇਸ ਤਰ੍ਹਾਂ ਕਾਰਨੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਟਰੰਪ ਦੀਆਂ ਆਪਹੁਦਰਾਸ਼ਾਹੀਆਂ ਅੱਗੇ ਨਹੀਂ ਝੁਕਣਗੇ ਤੇ ਹੋਰਨਾਂ ਦੇਸ਼ਾਂ ਨਾਲ ਵਪਾਰਕ ਰਿਸ਼ਤੇ ਬਣਾਉਣ ਨੂੰ ਪਹਿਲ ਦੇਣਗੇ। ਦੇਖਣ ਵਾਲੀ ਗੱਲ ਹੁਣ ਇਹ ਹੈ ਕਿ ਖੁਦ ਨੂੰ ਵਿਸ਼ਵ ਗੁਰੂ ਬਣਾਉਣ ਦੇ ਦਾਅਵੇ ਕਰਨ ਵਾਲਾ ਭਾਰਤ ਕੀ ਪੈਂਤੜਾ ਮੱਲਦਾ ਹੈ!



