ਸੱਜਣ ਕੁਮਾਰ ਬਰੀ

0
24

ਦਿੱਲੀ : ਸਥਾਨਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਰਾਜਧਾਨੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਸੰਬੰਧਤ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਡੀ ਆਈ ਜੀ ਵਿਨੈ ਸਿੰਘ ਨੇ ਪਿਛਲੇ ਸਾਲ ਦਸੰਬਰ ਵਿੱਚ ਮਾਮਲੇ ਵਿੱਚ ਅੰਤਮ ਬਹਿਸ ਪੂਰੀ ਹੋਣ ਤੋਂ ਬਾਅਦ 22 ਜਨਵਰੀ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ। ਫਰਵਰੀ 2015 ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਦੰਗਿਆਂ ਦੌਰਾਨ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸੱਜਣ ਕੁਮਾਰ ਖਿਲਾਫ਼ ਦੋ ਐੱਫ ਆਈ ਆਰ ਦਰਜ ਕੀਤੀਆਂ ਸਨ। ਪਹਿਲੀ ਐੱਫ ਆਈ ਆਰ ਜਨਕਪੁਰੀ ਵਿੱਚ ਹੋਈ ਹਿੰਸਾ ਬਾਰੇ ਸੀ, ਜਿੱਥੇ 1 ਨਵੰਬਰ, 1984 ਨੂੰ ਦੋ ਵਿਅਕਤੀ ਸੋਹਣ ਸਿੰਘ ਅਤੇ ਉਸ ਦਾ ਜਵਾਈ ਅਵਤਾਰ ਸਿੰਘ ਮਾਰੇ ਗਏ ਸਨ। ਦੂਜੀ ਐੱਫ ਆਈ ਆਰ ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ, ਜਿਸ ਨੂੰ 2 ਨਵੰਬਰ, 1984 ਨੂੰ ਵਿਕਾਸਪੁਰੀ ਵਿੱਚ ਅੱਗ ਲਾ ਕੇ ਮਾਰ ਦਿੱਤਾ ਗਿਆ ਸੀ।
ਨਿਊ ਸਾਊਥ ਵੇਲਜ਼ ’ਚ ਗੋਲੀਬਾਰੀ, 3 ਮੌਤਾਂ
ਮੈਲਬਰਨ : ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਇੱਕ ਕਸਬੇ ਵਿੱਚ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਗੋਲੀਬਾਰੀ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਲੇਕ ਕਾਰਜੇਲੀਗੋ ਵਿੱਚ ਬੁਲਾਇਆ ਗਿਆ। ਪੁਲਸ ਨੇ ਕਿਹਾ ਕਿ ਮਿ੍ਰਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਅਤੇ ਸਥਾਨਕ ਨਿਵਾਸੀਆਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਹੈ।
10 ਜਵਾਨਾਂ ਦੀ ਮੌਤ
ਭੱਦਰਵਾਹ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਫੌਜ ਦਾ ਵਾਹਨ ਡੂੰਘੀ ਖੱਡ ਵਿਚ ਡਿੱਗਣ ਨਾਲ ਫੌਜ ਦੇ 10 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਜ਼ਖਮੀ ਹੋ ਗਏ। ਹਾਦਸਾ ਭੱਦਰਵਾਹ-ਚੰਬਾ ਅੰਤਰਰਾਜੀ ਰੋਡ ’ਤੇ ਖੰਨੀ ਟੌਪ ’ਤੇ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬੁਲੇਟ-ਪਰੂਫ ਫੌਜੀ ਵਾਹਨ, ਜਿਸ ਵਿੱਚ ਕੁੱਲ 17 ਜਵਾਨ ਸਵਾਰ ਸਨ, ਇੱਕ ਉੱਚੀ ਚੌਕੀ ਵੱਲ ਜਾ ਰਿਹਾ ਸੀ, ਜਦੋਂ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਤਾਂ ਗੱਡੀ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਅਧਿਕਾਰੀਆਂ ਦੱਸਿਆ ਕਿ ਫੌਜ ਤੇ ਪੁਲਸ ਵੱਲੋਂ ਫੌਰੀ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਤਿੰਨ ਗੰਭੀਰ ਜ਼ਖ਼ਮੀਆਂ ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਫੌਜੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ’ਚ ਭਰਤੀ ਹੋਣ ਦੀ ਅਪੀਲ
ਚੰਡੀਗੜ੍ਹ : ਭਾਰਤੀ ਥਲ ਸੈਨਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਾਨਦਾਰ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ ਹੈ। ਫੌਜ ਨੇ ਜ਼ੋਰ ਦੇ ਕੇ ਕਿਹਾ ਕਿ ਰੈਜੀਮੈਂਟ ਦੀ ਅਸਲ ਤਾਕਤ ਸੂਬੇ ਦੇ ਨੌਜਵਾਨ ਤੇ ਔਰਤਾਂ ਹਨ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਚਲੀ ਆ ਰਹੀ ਯੋਧਾ ਰਵਾਇਤ ਵਿਰਾਸਤ ਵਿਚ ਮਿਲੀ ਹੈ। ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋ ਕੇ ਨੌਜਵਾਨ ਆਪਣੇ ਪਰਵਾਰਾਂ ਲਈ ਮਾਣ ਦਾ ਸਰੋਤ ਬਣਨਗੇ ਅਤੇ ਹਿੰਮਤ, ਅਨੁਸ਼ਾਸਨ ਅਤੇ ਕੁਰਬਾਨੀ ਦੀ ਵਿਰਾਸਤ ਵਿੱਚ ਯੋਗਦਾਨ ਪਾਉਣਗੇ। ਸੀਨੀਅਰ ਫੌਜ ਅਧਿਕਾਰੀਆਂ ਅਨੁਸਾਰ ਲੋੜੀਂਦੀ ਨਫ਼ਰੀ ਦੀ ਘਾਟ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਸਿੱਖ ਰੈਜੀਮੈਂਟ ਲਗਾਤਾਰ ਬਿਹਤਰੀਨ ਕਾਰਗੁਜ਼ਾਰੀ ਦੇ ਰਹੀ ਹੈ ਤੇ ਭਾਰਤੀ ਥਲ ਸੈਨਾ ਦੀਆਂ ਉੱਚੀਆਂ ਉਮੀਦਾਂ ਦੀ ਕਸਵੱਟੀ ’ਤੇ ਖਰੀ ਉਤਰ ਰਹੀ ਹੈ।
ਦੋ ਮਜ਼ਦੂਰ ਸੜ ਕੇ ਮਰੇੇ, 1 ਗੰਭੀਰ
ਝੱਜਰ (ਹਰਿਆਣਾ) : ਬਹਾਦੁਰਗੜ੍ਹ ਦੇ ਮਾਡਰਨ ਇੰਡਸਟਰੀਅਲ ਏਰੀਆ ਵਿੱਚ ਜੁੱਤੀਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਰਕੇ ਦੋ ਮਜ਼ਦੂਰਾਂ ਦੀ ਜਿਊਂਦੇ ਸੜਨ ਕਰਕੇ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਿਆ। ਇਹ ਘਟਨਾ ਮਾਡਰਨ ਇੰਡਸਟਰੀਅਲ ਏਰੀਆ ਦੇ ਫੈਕਟਰੀ ਨੰਬਰ 817 ਵਿੱਚ ਵਾਪਰੀ, ਜਿੱਥੇ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਅੱਗ ਲੱਗੀ ਤਾਂ ਮਜ਼ਦੂਰ ਫੈਕਟਰੀ ਦੇ ਅੰਦਰ ਸੁੱਤੇ ਪਏ ਸਨ। ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਅਬਦੁਲ ਅਟਵਾਰਿਸ ਅਤੇ ਅਮੀਰੂਦੀਨ ਉਰਫ਼ ਬੜੇ ਭਈਆ ਵਜੋਂ ਹੋਈ ਹੈ। ਦੋਵੇਂ ਮਿ੍ਰਤਕ ਚਚੇਰੇ ਭਰਾ ਸਨ।