ਬੰਗਲੁਰੂ : ਸਿੱਧਾਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਦੇ ਬੰਗਲੁਰੂ ਵਿੱਚ ਰਾਜ ਵਿਧਾਨ ਸਭਾ ਵਿਚ ਦੋ ਸਤਰਾਂ ਵਾਲੇ ਭਾਸ਼ਣ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਗਹਿਲੋਤ ਕੇਂਦਰ ਸਰਕਾਰ ਦਾ ‘ਹੱਥਠੋਕਾ’ ਬਣ ਕੇ ਰਹਿ ਗਏ ਹਨ। ਆਪਣੇ ਭਾਸ਼ਣ ਮਗਰੋਂ ਗਹਿਲੋਤ ਸਦਨ ’ਚੋਂ ਵਾਕਆਊਟ ਕਰ ਗਏ। ਇਸ ਦੌਰਾਨ ਮੈਂਬਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਗਹਿਲੋਤ ਨੇ ਵੀਰਵਾਰ ਨੂੰ ਇੱਥੇ ਰਾਜ ਵਿਧਾਨ ਸਭਾ ਦੇ ਸਾਂਝੇ ਸੈਸ਼ਨ ਦੌਰਾਨ ਆਪਣਾ ਰਵਾਇਤੀ ਭਾਸ਼ਣ ਸਿਰਫ਼ ਦੋ ਸ਼ੁਰੂਆਤੀ ਲਾਈਨਾਂ ਪੜ੍ਹਨ ਤੋਂ ਬਾਅਦ ਸਮਾਪਤ ਕੀਤਾ। ਮੈਂਬਰਾਂ ਦਾ ਸਵਾਗਤ ਕਰਨ ਤੋਂ ਬਾਅਦ ਰਾਜਪਾਲ ਨੇ ਟਿੱਪਣੀ ਕੀਤੀ ਕਿ ਉਹ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਕੇ ਖੁਸ਼ ਹਨ। ਰਾਜਪਾਲ ਨੇ ਹਿੰਦੀ ਵਿਚ ਪੜ੍ਹਿਆ ‘ਮੇਰੀ ਸਰਕਾਰ ਰਾਜ ਦੇ ਆਰਥਿਕ, ਸਮਾਜਿਕ ਅਤੇ ਭੌਤਿਕ ਵਿਕਾਸ ਨੂੰ ਦੁੱਗਣਾ ਕਰਨ ਲਈ ਵਚਨਬੱਧ ਹੈ। ਜੈ ਹਿੰਦ, ਜੈ ਕਰਨਾਟਕ।’’ ਕਾਂਗਰਸ ਮੈਂਬਰਾਂ ਨੇ ਰਾਜਪਾਲ ਵੱਲੋਂ ਆਪਣਾ ਭਾਸ਼ਣ ਘਟਾਉਣ ’ਤੇ ਸਖ਼ਤ ਨਾਰਾਜ਼ਗੀ ਜਤਾਈ ਅਤੇ ਸਦਨ ਦੇ ਫਲੋਰ ’ਤੇ ‘ਸ਼ਰਮ ਕਰੋ ਸ਼ਰਮ ਕਰੋ’ ਦੇ ਨਾਅਰੇ ਲਗਾਏ।
ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਰਾਜਪਾਲ ਥਾਵਰਚੰਦ ਗਹਿਲੋਤ ਨੇ ਸਰਕਾਰ ਵੱਲੋਂ ਤਿਆਰ ਕੀਤਾ ਪੂਰਾ ਭਾਸ਼ਣ ਨਾ ਪੜ੍ਹ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ।




