ਦਿੱਲੀ-ਅੰਮਿ੍ਰਤਸਰ ਰੇਲਵੇ ਟਰੈਕ ’ਤੇ ਧਮਾਕਾ

0
20

ਫ਼ਤਹਿਗੜ੍ਹ ਸਾਹਿਬ : ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸ਼ੁੱਕਰਵਾਰ ਦੇਰ ਰਾਤ ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਦਿੱਲੀ-ਅੰਮਿ੍ਰਤਸਰ ਮੁੱਖ ਰੇਲਵੇ ਟਰੈਕ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਜਾਂਚ ਵਿਚ ਵਿਸਫੋਟਕਾਂ ਦੇ ਇਸਤੇਮਾਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂ ਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਖੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਯਾਤਰੀ ਰੇਲ ਗੱਡੀ ਨਹੀਂ ਲੰਘੀ, ਪਰ ਇੱਕ ਮਾਲ ਗੱਡੀ ਦਾ ਇੰਜਣ ਲੀਹੋਂ ਲੱਥ ਗਿਆ। ਹਾਦਸੇ ਵਿਚ ਮਾਲ ਗੱਡੀ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਫੌਰੀ ਮਗਰੋਂ ਰੇਲਵੇ ਅਧਿਕਾਰੀ ਹਰਕਤ ਵਿੱਚ ਆ ਗਏ। ਰੇਲਵੇ ਟਰੈਕ ਦੀ ਮੁਰੰਮਤ ਮਗਰੋਂ ਆਵਾਜਾਈ ਬਹਾਲ ਕਰ ਦਿੱਤੀ ਗਈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਰਾਤ 1 ਵਜੇ ਦੇ ਕਰੀਬ ਉਨ੍ਹਾਂ ਧਮਾਕੇ ਦੀ ਆਵਾਜ਼ ਸੁਣੀ। ਜ਼ਖਮੀ ਡਰਾਈਵਰ ਦੀ ਪਛਾਣ ਅਨਿਲ ਸ਼ਰਮਾ ਵਜੋਂ ਦੱਸੀ ਗਈ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਰੋਪੜ ਰੇਂਜ ਦੇ ਡੀ ਆਈ ਜੀ ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਰਾਤ ਰੇਲਵੇ ਟਰੈਕ ’ਤੇ ਧਮਾਕੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਵੱਖ-ਵੱਖ ਟੀਮਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ। ਡੀ ਆਈ ਜੀ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਹਿਣਾ ਜਲਦਬਾਜ਼ੀ ਹੋਵੇਗੀ। ਸ਼ੁਰੂ ਵਿੱਚ ਇਸ ਨੂੰ ਇੱਕ ਅਪਰਾਧਕ ਘਟਨਾ ਮੰਨਿਆ ਜਾ ਰਿਹਾ ਹੈ, ਪਰ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।