ਸੰਸਾਰ ਦੇ ਅਣਸੁਲਝੇ ਮਾਮਲੇ ਪੂੰਜੀਵਾਦ ਦੇ ਗੰਭੀਰ ਸੰਕਟ ਦੀ ਨਿਸ਼ਾਨੀ : ਵੀ ਐੱਸ ਨਿਰਮਲ
ਗੰਟੂਰ, (ਗਿਆਨ ਸੈਦਪੁਰੀ)
ਇੱਥੇ ਕੁੱਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਚੱਲ ਰਹੀ ਕੌਮੀ ਕੌਂਸਲ ਦੀ ਮੀਟਿੰਗ ਦਾ ਪਹਿਲਾ ਸੈਸ਼ਨ ਵੱਖ-ਵੱਖ ਵਿਦਵਾਨਾਂ ਆਧਾਰਤ ਇੱਕ ਵਿਸ਼ੇਸ਼ ਸੈਮੀਨਾਰ ਨੂੰ ਸਮਰਪਤ ਕਰਨ ਉਪਰੰਤ ਅੰਦੋਲਨ ਦੇ ਪ੍ਰਧਾਨ ਏ ਰਾਮਾ ਮੂਰਤੀ ਅਤੇ ਉੱਪ ਪ੍ਰਧਾਨ ਜਾਨਕੀ ਪਾਸਵਾਨ ਦੀ ਪ੍ਰਧਾਨਗੀ ਹੇਠ ਦੂਸਰਾ ਸੈਸ਼ਨ ਸ਼ੁਰੂ ਹੋਇਆ। ਕੌਮੀ ਕੌਂਸਲ ਦੇ ਸਾਰੇ ਮੈਂਬਰਾਂ ਨਾਲ ਜਾਣ-ਪਛਾਣ ਕਰਨ ਤੋਂ ਬਾਅਦ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ ਨੇ ਵਿਸਥਾਰਤ ਰਿਪੋਰਟ ਪੇਸ਼ ਕੀਤੀ। ਉਨ੍ਹਾ ਰਿਪੋਰਟ ਵਿੱਚ ਪਿਛਲੇ ਸਮੇਂ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ, ਜਿਨ੍ਹਾਂ ਦਾ ਪ੍ਰਤੱਖ ਜਾਂ ਅਪ੍ਰਤੱਖ ਅਸਰ ਉਹਨਾਂ ਲੋਕਾਂ ’ਤੇ ਪਿਆ, ਜੋ ਹਾਸ਼ੀਏ ’ਤੇ ਧੱਕ ਦਿੱਤੇ ਗਏ ਭਾਈਚਾਰਿਆਂ ਅਤੇ ਕਿਰਤੀ ਲੋਕਾਂ ਨੂੰ ਕਲਾਵੇ ਵਿੱਚ ਲੈਂਦਾ ਹੈ। ਉਹਨਾ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਅਮਰੀਕਾ ਦੀ ਅਗਵਾਈ ਵਿੱਚ ਸਾਮਰਾਜਵਾਦੀ ਦਬਾਅ ਜਾਰੀ ਹੈ। ਸੰਸਾਰ ਸੰਘਰਸ਼ ਅਜੇ ਅਣਸੁਲਝੇ ਪਏ ਹਨ, ਜੋ ਵਿਸ਼ਵ ਪੂੰਜੀਵਾਦ ਦੇ ਗੰਭੀਰ ਸੰਕਟ ਨੂੰ ਦਰਸਾਉਦੇ ਹਨ। ਇਹ ਵਿਵਸਥਾ ਭੁੱਖ, ਗਰੀਬੀ ਅਤੇ ਵਿਕਾਸ ਸੰਬੰਧੀ ਔਕੜਾਂ ਦਾ ਹੱਲ ਕਰਨ ਵਿੱਚ ਅਸਫਲ ਰਹੀ ਹੈ। ਫਲਸਤੀਨ ਉੱਤੇ ਇਜ਼ਰਾਇਲ ਦਾ ਹਮਲਾ ਹੋਰ ਤੇਜ਼ ਹੋ ਗਿਆ ਹੈ। ਵੈਨੇਜ਼ੂਆਲਾ ’ਤੇ ਹਮਲੇ ਹੋ ਰਹੇ ਹਨ। ਟੈਰਿਫ ਦੇ ਦਬਾਅ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਟਰੰਪ ਦਾ ਦੁਬਾਰਾ ਰਾਸ਼ਟਰਪਤੀ ਬਣਨਾ ਅਮਰੀਕੀ ਸਾਮਰਾਜਵਾਦੀ ਰਣਨੀਤੀ ਨੂੰ ਨਵਾਂ ਰੂਪ ਦੇ ਰਿਹਾ ਹੈ। ਸੰਸਾਰ ਪੱਧਰ ’ਤੇ ਇੱਕ ਘਟਨਾ ਜੋ ਕੁਝ ਸੁਖਦ ਅਹਿਸਾਸ ਕਰਵਾਉਦੀ ਹੈ, ਉਹ ਹੈ ਸ੍ਰੀਲੰਕਾ ਵਿੱਚ ਖੱਬੇ-ਪੱਖੀਆਂ ਦਾ ਸੱਤਾ ਵਿੱਚ ਆਉਣਾ।
ਦੱਖਣੀ ਏਸ਼ੀਆ ਵਿਕਾਸ ਅੱਪਡੇਟ ਦੀ ਰਿਪੋਰਟ ਚਿੰਤਾ ਵਿੱਚ ਪਾਉਦੀ ਹੈ। ਇਹ ਰਿਪੋਰਟ ਖੇਤ ਮਜ਼ਦੂਰਾਂ ਨੂੰ ਹੋਰ ਗਰੀਬ ਬਣਾਏ ਜਾਣ ਦੇ ਵਰਤਾਰੇ ਨੂੰ ਉਜਾਗਰ ਕਰਦੀ ਹੈ। ਵਿਸ਼ਵ ਬੈਂਕ ਦਾ ਇਹ ਦਾਅਵਾ ਹੈ ਕਿ ਭਾਰਤ ’ਚ ਗਰੀਬੀ ਕੇਵਲ 2.3 ਫੀਸਦੀ ਰਹਿ ਗਈ ਹੈ, ਇੱਕ ਭਰਮ ਤੋਂ ਵੱਧ ਕੁਝ ਨਹੀਂ। ਮੋਦੀ ਸਰਕਾਰ ਦੇ ਚਲਦਿਆਂ ਲਾਗੂ ਕੀਤੀਆਂ ਗਈਆਂ ਨੀਤੀਆਂ ਨੋਟਬੰਦੀ, ਜੀ ਐੱਸ ਟੀ, ਲਾਕਡਾਊਨ, ਕਿਸਾਨ ਵਿਰੋਧੀ ਕਾਨੂੰਨ ਅਤੇ ਨਵੇਂ ਚਾਰ ਕਿਰਤ ਕੋਡਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਾਮਰੇਡ ਨਿਰਮਲ ਨੇ ਅੰਤ ਵਿੱਚ ਕਿਹਾ ਕਿ ਆਰ ਐੱਸ ਐੱਸ ਨੇ ਆਪਣੇ ਸ਼ਤਾਬਦੀ ਸਮਾਗਮ ਦੀ ਸ਼ੁਰੂਆਤ ਅਜਿਹੀ ਵਿਆਖਿਆ ਨਾਲ ਕੀਤੀ, ਜਿਸ ਦਾ ਮੰਤਵ ਸੰਪਰਦਾਇਕ ਤੇ ਲੋਕਾਂ ਨੂੰ ਵੰਡਣ ਵਾਲੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਹੈ।
ਪੇਸ਼ ਕੀਤੀ ਗਈ ਰਿਪੋਰਟ ’ਤੇ ਕੌਮੀ ਕੌਂਸਲ ਦੇ ਮੈਂਬਰਾਂ ਨੇ ਭਰਪੂਰ ਬਹਿਸ ਕੀਤੀ। ਬਹਿਸ ਵਿੱਚ ਆਂਧਰਾ ਪ੍ਰਦੇਸ਼, ਤਿਲੰਗਾਨਾ, ਬਿਹਾਰ, ਤਾਮਿਲਨਾਡੂ, ਕੇਰਲ, ਮਹਾਰਾਸ਼ਟਰ ਅਤੇ ਪੰਜਾਬ ਆਦਿ ਆਗੂਆਂ ਨੇ ਹਿੱਸਾ ਲਿਆ। ਪੰਜਾਬ ਵੱਲੋਂ ਬਹਿਸ ਵਿੱਚ ਹਿੱਸਾ ਲੈਂਦਿਆਂ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਰਿਪੋਰਟ ਵਿੱਚ ਵਾਧਾ ਕਰਨ ਲਈ ਸੁਝਾਅ ਦੇਣ ਦੇ ਨਾਲ-ਨਾਲ ਪੰਜਾਬ ਦੇ ਦਲਿਤ ਵਰਗ ਦੇ ਹਾਲਾਤ ਵੀ ਬਿਆਨ ਕੀਤੇ। ਪੰਜਾਬ ਵਿੱਚ ਵੱਖ-ਵੱਖ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਦਲਿਤ ਅਤੇ ਖੇਤ ਮਜ਼ਦੂਰਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਸੰਘਰਸ਼ਾਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਦੌਰਾਨ ਮੀਟਿੰਗ ਵਿੱਚ ਸੀ ਪੀ ਆਈ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਮੁਪੱਲਾ ਨਾਗੇਸ਼ਵਰ ਰਾਓ ਅਤੇ ਸੀ ਪੀ ਆਈ ਜ਼ਿਲ੍ਹਾ ਗੰਟੂਰ ਦੇ ਸਕੱਤਰ ਕੋਟਾ ਮਲਆਦਰੀ ਦੁਬਾਰਾ ਸ਼ਾਮਿਲ ਹੋਏ। ਦੋਵਾਂ ਆਗੂਆਂ ਨੇ ਆਲ ਇੰਡੀਆ ਦਲਿਤ ਅਧਿਕਾਰ ਅੰਦੋਲਨ ਦੇ ਆਗੂਆਂ ਨੂੰ ਸਫਲ ਮੀਟਿੰਗ ਦੀ ਵਧਾਈ ਦਿੱਤੀ।
ਇਸ ਮੌਕੇ ਗੁਲਜ਼ਾਰ ਸਿੰਘ ਗੋਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਲਿਤ ਵਰਗ ਦੀ ਬੰਦਖਲਾਸੀ ਲਈ ਵਿਸ਼ਾਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਹਨਾ ਕਿਹਾ ਕਿ ਦਲਿਤ ਵਰਗ ਵਿੱਚੋਂ ਕੁਝ ਲੋਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਕੁਹਾੜੇ ਦਾ ਦਸਤਾ ਬਣਨ ਦੀਆਂ ਕਦੇ-ਕਦੇ ਆਉਦੀਆਂ ਖਬਰਾਂ ਨਿਰਾਸ਼ ਕਰਦੀਆਂ ਹਨ। ਲੀਡਰਸ਼ਿਪ ਨੂੰ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸੇ ਦੌਰਾਨ ਆਨਰ ਕਿਲਿੰਗ, ਮਨਰੇਗਾ, ਐੱਸ ਸੀ ਐੱਸ ਟੀ ਸਬ-ਪਲਾਨ ਸੰਬੰੰਧੀ ਚਾਰ ਮਤੇ ਪੇਸ਼ ਹੋਏ, ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਆਖਰ ਵਿੱਚ ਆਲ ਇੰਡੀਆ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ ਨੇ ਬਹਿਸ ਦੌਰਾਨ ਉੱਠੇ ਸਵਾਲਾਂ ਦੇ ਜਵਾਬ ਦਿੱਤੇ। ਜੈ ਭੀਮ, ਲਾਲ ਸਲਾਮ ਦੇ ਨਾਹਰਿਆਂ ਨਾਲ ਦੋ ਦਿਨਾ ਨੈਸ਼ਨਲ ਕੌਂਸਲ ਦੀ ਮੀਟਿੰਗ ਸਮਾਪਤੀ ਵੱਲ ਵਧ ਗਈ।





