ਨਵੀਂ ਦਿੱਲੀ : ਭਾਰਤ ਦੇ ਇਤਿਹਾਸ ਨੂੰ ਆਪਣੀ ਕਲਮ ਅਤੇ ਆਵਾਜ਼ ਨਾਲ ਦੁਨੀਆ-ਭਰ ਵਿੱਚ ਪਹੁੰਚਾਉਣ ਵਾਲੇ ਨਾਮਵਰ ਪੱਤਰਕਾਰ ਸਰ ਵਿਲੀਅਮ ਮਾਰਕ ਟੱਲੀ ਦਾ ਐਤਵਾਰ ਇੱਥੇ ਮੈਕਸ ਹਸਪਤਾਲ ਵਿੱਚ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 24 ਅਕਤੂਬਰ 1935 ਨੂੰ ਕੋਲਕਾਤਾ ਵਿੱਚ ਜਨਮੇ ਟੱਲੀ ਕੁਝ ਸਮੇਂ ਤੋਂ ਬਿਮਾਰ ਸਨ। ਮਾਰਕ ਟੱਲੀ ਨੇ ਲੱਗਭੱਗ 22 ਸਾਲਾਂ ਤੱਕ ਬੀ ਬੀ ਸੀ ਦੇ ਦਿੱਲੀ ਬਿਊਰੋ ਚੀਫ ਵਜੋਂ ਸੇਵਾਵਾਂ ਨਿਭਾਈਆਂ ਅਤੇ ਭਾਰਤ ਦੀਆਂ ਗੁੰਝਲਦਾਰ ਪਰਤਾਂ ਨੂੰ ਬਹੁਤ ਸਰਲਤਾ ਨਾਲ ਦੁਨੀਆ ਸਾਹਮਣੇ ਪੇਸ਼ ਕੀਤਾ। ਉਨ੍ਹਾ ਨੂੰ ਖਾਸ ਤੌਰ ’ਤੇ 1971 ਦੀ ਬੰਗਲਾਦੇਸ਼ ਮੁਕਤੀ ਜੰਗ ਦੌਰਾਨ ਕੀਤੀ ਗਈ ਬੇਮਿਸਾਲ ਕਵਰੇਜ ਲਈ ਯਾਦ ਕੀਤਾ ਜਾਂਦਾ ਹੈ, ਜੋ ਉਸ ਸਮੇਂ ਆਜ਼ਾਦੀ ਦੀ ਲੜਾਈ ਲੜ ਰਹੇ ਬੰਗਾਲੀਆਂ ਲਈ ਪ੍ਰਮਾਣਿਕ ਜਾਣਕਾਰੀ ਦਾ ਸਭ ਤੋਂ ਵੱਡਾ ਸਰੋਤ ਸੀ। ਆਪਣੀ ਸ਼ਾਂਤ ਪਰ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਟੱਲੀ ਸਿਰਫ ਇੱਕ ਪੱਤਰਕਾਰ ਨਹੀਂ, ਸਗੋਂ ਖੁਦ ਵਿੱਚ ਇੱਕ ਸੰਸਥਾ ਸਨ, ਜਿਨ੍ਹਾ ਦੀ ਰਿਪੋਰਟਿੰਗ ਵਿੱਚ ਨਿਰਪੱਖਤਾ, ਇਮਾਨਦਾਰੀ ਅਤੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਸਾਫ ਝਲਕਦੀ ਸੀ। ਉਹ ਉੱਘੇ ਲੇਖਕ ਵੀ ਸਨ, ਜਿਨ੍ਹਾ ਨੇ ‘ਨੋ ਫੁੱਲ ਸਟਾਪਸ ਇਨ ਇੰਡੀਆ’ ਅਤੇ ‘ਇੰਡੀਆ ਇਨ ਸਲੋ ਮੋਸ਼ਨ’ ਵਰਗੀਆਂ ਪ੍ਰਸਿੱਧ ਕਿਤਾਬਾਂ ਰਾਹੀਂ ਭਾਰਤੀ ਜੀਵਨ ਦੀ ਡੂੰਘੀ ਤਸਵੀਰ ਪੇਸ਼ ਕੀਤੀ। ਪੱਤਰਕਾਰੀ ਅਤੇ ਸਾਹਿਤ ਵਿੱਚ ਉਨ੍ਹਾ ਦੇ ਵਡਮੁੱਲੇ ਯੋਗਦਾਨ ਲਈ 2002 ਵਿੱਚ ਉਨ੍ਹਾ ਨੂੰ ਬਰਤਾਨੀਆ ਵੱਲੋਂ ‘ਨਾਈਟਹੁੱਡ’ ਅਤੇ 2005 ਵਿੱਚ ਭਾਰਤ ਸਰਕਾਰ ਵੱਲੋਂ ‘ਪਦਮ ਭੂਸ਼ਣ’ ਨਾਲ ਸਨਮਾਨਤ ਕੀਤਾ ਗਿਆ ਸੀ। ਟੱਲੀ 1935 ਵਿੱਚ ਕਲਕੱਤਾ (ਹੁਣ ਕੋਲਕਾਤਾ) ਵਿੱਚ ਪੈਦਾ ਹੋਏ ਸਨ। ਉਨ੍ਹਾ ਦੇ ਪਿਤਾ ਬਿਜ਼ਨਸਮੈਨ ਸਨ। ਮਾਤਾ ਬੰਗਾਲ ਵਿੱਚ ਪੈਦਾ ਹੋਈ ਸੀ, ਜਿੱਥੇ ਉਨ੍ਹਾ ਦਾ ਪਰਵਾਰ ਪੀੜ੍ਹੀਆਂ ਤੋਂ ਵਪਾਰੀਆਂ ਤੇ ਪ੍ਰਸ਼ਾਸਕਾਂ ਵਜੋਂ ਵਿਚਰਿਆ। ਟੱਲੀ ਨੂੰ ਬਚਪਨ ਵਿੱਚ ਇੰਗਲਿਸ਼ ਨੈਨੀ (ਆਯਾ) ਨੇ ਸੰਭਾਲਿਆ। ਉਸ ਨੇ ਇੱਕ ਵਾਰ ਟੱਲੀ ਨੂੰ ਇਸ ਕਰਕੇ ਝਾੜਿਆ ਸੀ ਕਿ ਉਹ ਫੈਮਿਲੀ ਡਰਾਈਵਰ ਤੋਂ ਹਿੰਦੀ ਵਿੱਚ ਗਿਣਤੀ ਕਿਉ ਸਿੱਖ ਰਿਹੈ। ਉਸ ਨੇ ਕਿਹਾ ਸੀ ਕਿ ਨੌਕਰਾਂ ਦੀ ਭਾਸ਼ਾ ਤੇਰੀ ਭਾਸ਼ਾ ਨਹੀਂ ਹੋ ਸਕਦੀ।





