ਮੁੰਬਈ : ਪੱਛਮੀ ਉਪਨਗਰ ਜੁਹੂ ਵਿੱਚ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਹੈ। ਪੁਲਸ ਨੇ ਇਸ ਸੰਬੰਧ ’ਚ 5 ਸ਼ੱਕੀ ਹਿਰਾਸਤ ’ਚ ਲਏ ਹਨ। ਅਣਪਛਾਤੇ ਵਿਅਕਤੀਆਂ ਵੱਲੋਂ ਇਮਾਰਤ ’ਤੇ ਚਾਰ ਰਾਊਂਡ ਫਾਇਰ ਕੀਤੇ ਗਏ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਭਾਰਤ ਹੁਣ ਵੈਨੇਜ਼ੁਏਲਾ ਤੋਂ ਖਰੀਦੇਗਾ ਤੇਲ : ਟਰੰਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਹੁਣ ਈਰਾਨ ਤੋਂ ਤੇਲ ਖਰੀਦਣ ਦੀ ਬਜਾਏ ਵੈਨੇਜ਼ੁਏਲਾ ਤੋਂ ਤੇਲ ਦੀ ਖਰੀਦ ਕਰੇਗਾ। ਵਾਸ਼ਿੰਗਟਨ ਡੀ ਸੀ ਤੋਂ ਫਲੋਰਿਡਾ ਜਾਂਦੇ ਹੋਏ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਸੌਦੇ ਦੀ ਰੂਪ-ਰੇਖਾ ਤਿਆਰ ਕਰ ਲਈ ਹੈ। ਟਰੰਪ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਇਕ ਦਿਨ ਪਹਿਲਾਂ ਅਮਰੀਕਾ ਨੇ ਦਿੱਲੀ ਨੂੰ ਕਿਹਾ ਸੀ ਕਿ ਉਹ ਰੂਸੀ ਤੇਲ ਦੀ ਦਰਾਮਦ ਦੇ ਬਦਲ ਵਜੋਂ ਜਲਦੀ ਹੀ ਵੈਨੇਜ਼ੁਏਲਾ ਦੇ ਤੇਲ ਦੀ ਖਰੀਦ ਮੁੜ ਸ਼ੁਰੂ ਕਰ ਸਕਦਾ ਹੈ। ਅਮਰੀਕਾ ਵੱਲੋਂ ਭਾਰਤ ਨੂੰ ਵੈਨੇਜ਼ੁਏਲਾ ਦਾ ਕੱਚਾ ਤੇਲ ਸਪਲਾਈ ਕਰਨ ਦੀ ਇਹ ਕੋਸ਼ਿਸ਼ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਵਾਸ਼ਿੰਗਟਨ ਯੂਕਰੇਨ ਨਾਲ ਜੰਗ ਵਿੱਚ ਰੂਸ ਨੂੰ ਹੋਣ ਵਾਲੀ ਤੇਲ ਦੀ ਕਮਾਈ ਨੂੰ ਘਟਾਉਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਸਾਲ ਮਾਰਚ ਵਿੱਚ ਭਾਰਤ ਸਮੇਤ ਵੈਨੇਜ਼ੁਏਲਾ ਦਾ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 25 ਫੀਸਦੀ ਟੈਕਸ ਲਗਾ ਦਿੱਤਾ ਸੀ।
ਸ਼ੰਘਾਈ-ਦਿੱਲੀ ਉਡਾਣ ਮੁੜ ਸ਼ੁਰੂ
ਸ਼ੰਘਾਈ : ਭਾਰਤ ਦੇ ਕੌਂਸਲੇਟ ਜਨਰਲ ਨੇ ਸ਼ੰਘਾਈ ਅਤੇ ਨਵੀਂ ਦਿੱਲੀ ਦਰਮਿਆਨ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਛੇ ਸਾਲਾਂ ਬਾਅਦ ਮੁੜ ਸ਼ੁਰੂ ਹੋਣ ਦਾ ਨਿੱਘਾ ਸਵਾਗਤ ਕੀਤਾ। ਸ਼ੰਘਾਈ-ਨਵੀਂ ਦਿੱਲੀ ਉਡਾਣ ਐਤਵਾਰ ਸ਼ੰਘਾਈ ਪੁਡੋਂਗ ਹਵਾਈ ਅੱਡੇ ਤੋਂ ਰਵਾਨਾ ਹੋਈ ਤੇ ਇਸ ਬੋਇੰਗ 787 ਜਹਾਜ਼ ਵਿੱਚ 230 ਤੋਂ ਵੱਧ ਯਾਤਰੀ ਸਵਾਰ ਸਨ।



