ਮਜੀਠੀਆ ਵੱਲੋਂ ਜੇਲ੍ਹੋਂ ਨਿਕਲ ਕੇ ਕੈਪਟਨ, ਜਾਖੜ ਤੇ ਚੰਨੀ ਦਾ ਧੰਨਵਾਦ

0
14

ਨਾਭਾ : ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਨਿਊ ਨਾਭਾ ਜੇਲ੍ਹ ਦੇ ਬਾਹਰ ਆਉਂਦਿਆਂ ਹੀ ਹਮਲਾਵਰ ਰੁਖ ਵਿਚ ਨਜ਼ਰ ਆਏ। ਚਿੱਟੇ ਕੁੜਤੇ-ਪਜਾਮੇ ਵਿੱਚ ਮਲਬੂਸ ਮਜੀਠੀਆ ਨੇ ਸਭ ਤੋਂ ਪਹਿਲਾਂ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ ਅਤੇ ਉੱਥੇ ਮੌਜੂਦ ਸਮਰਥਕਾਂ ਦਾ ਧੰਨਵਾਦ ਕੀਤਾ। ਜੇਲ੍ਹ ਦੇ ਮੁੱਖ ਗੇਟ ਤੱਕ ਪੈਦਲ ਆਉਣ ਤੋਂ ਬਾਅਦ ਮਜੀਠੀਆ ਨੇ ਮੀਡੀਆ ਅਤੇ ਸਮਰਥਕਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਸਰਕਾਰ ਚਾਹੁੰਦੀ ਸੀ ਕਿ ਮੈਂ ਜ਼ਿੰਦਾ ਬਾਹਰ ਹੀ ਨਾ ਆਵਾਂ, ਪਰ ਪ੍ਰਮਾਤਮਾ ਦੀ ਮਿਹਰ ਸਦਕਾ ਮੈਂ ਅੱਜ ਸਭ ਦੇ ਵਿਚਕਾਰ ਹਾਂ।’
ਮਜੀਠੀਆ ਨੇ ਇਹ ਵੀ ਕਿਹਾ ਕਿ ਜਦੋਂ ਵੀ ਉਨ੍ਹਾ ਨੂੰ ਜੇਲ੍ਹ ਵਿੱਚ ਪਤਾ ਲੱਗਦਾ ਸੀ ਕਿ ਪੁਲਸ ਉਨ੍ਹਾ ’ਤੇ ਕੋਈ ਨਵਾਂ ਪਰਚਾ ਦਰਜ ਕਰਨ ਲੱਗੀ ਹੈ, ਤਾਂ ਉਨ੍ਹਾ ਨੂੰ ਚਾਅ ਚੜ੍ਹਦਾ ਸੀ।
ਸਮਰਥਕਾਂ ਦੇ ਕਾਫਲੇ ਵਿਚਾਲੇ ਇੱਕ ਖੁੱਲ੍ਹੀ ਜੀਪ ਵਿੱਚ ਖੜ੍ਹ ਕੇ ਬੋਲਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਦੇਸ਼ ਦਿੰਦਿਆਂ ਮਜੀਠੀਆ ਨੇ ਕਿਹਾ, ‘ਮੈਂ ਜੇਲ੍ਹ ਦੇ ਅੰਦਰ ਬੈਂਗਣ ਖਾ ਕੇ ਗੁਜ਼ਾਰਾ ਕੀਤਾ ਹੈ, ਤੇਰਾ ਕੀ ਬਣੂ ਸਾਂਭਾ।’ ਨਾਲ ਹੀ ਜੋੜਿਆ ਕਿ ‘ਮਜੀਠੀਆ ਨਾ ਰੁਕੂਗਾ, ਨਾ ਮਜੀਠੀਆ ਝੁਕੂਗਾ।’
ਉਨ੍ਹਾ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਚਰਨਜੀਤ ਸਿੰਘ ਚੰਨੀ, ਤਰੁਣ ਚੁੱਘ, ਭੈਣ ਹਰਸਿਮਰਤ ਬਾਦਲ ਅਤੇ ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਉਹ ਮਾੜੇ ਸਮੇਂ ਵਿੱਚ ਉਨ੍ਹਾ ਦੇ ਨਾਲ ਖੜ੍ਹੇ ਰਹੇ।