ਨਵੀਂ ਦਿੱਲੀ : ਰਾਉਜ਼ ਐਵੇਨਿਊ ਕੋਰਟ ਨੇ ਸ਼ੁੱਕਰਵਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਸੰਪਤੀ ਦੇ ਕੇਸ ਵਿਚ ਚਾਰ ਸਾਲ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ 50 ਲੱਖ ਰੁਪਏ ਜੁਰਮਾਨਾ ਠੋਕਿਆ | ਇਸ ਵਿਚੋਂ ਪੰਜ ਲੱਖ ਰੁਪਏ ਸੀ ਬੀ ਆਈ ਨੂੰ ਦਿੱਤੇ ਜਾਣਗੇ | ਜੱਜ ਨੇ ਚੌਟਾਲਾ ਦੀਆਂ ਹੈਲੀ ਰੋਡ, ਪੰਚਕੂਲਾ, ਗੁਰੂਗਰਾਮ ਤੇ ਅਸੋਲਾ ਦੀਆਂ ਚਾਰ ਸੰਪਤੀਆਂ ਵੀ ਸੀਜ਼ ਕਰਨ ਦੇ ਹੁਕਮ ਦਿੱਤੇ ਹਨ | ਚੌਟਾਲਾ ਦੇ ਵਕੀਲ ਨੇ ਉਨ੍ਹਾ ਦੀ ਉਮਰ, ਸਿਹਤ ਤੇ ਦਿਵਿਆਂਗਤਾ ਦਾ ਧਿਆਨ ਰੱਖਦਿਆਂ ਘੱਟ ਸਜ਼ਾ ਦੇਣ ਦੀ ਮੰਗ ਕੀਤੀ, ਜਦਕਿ ਸੀ ਬੀ ਆਈ ਦੇ ਵਕੀਲ ਨੇ ਕਿਹਾ ਕਿ ਆਮ ਲੋਕਾਂ ਨੂੰ ਉਚਿਤ ਸੰਦੇਸ਼ ਦੇਣ ਲਈ ਵੱਧ ਤੋਂ ਵੱਧ ਸਜ਼ਾ ਜ਼ਰੂਰੀ ਹੈ | ਚੌਟਾਲਾ ਦੇ ਵਕੀਲ ਨੇ ਉਨ੍ਹਾ ਨੂੰ ਜੇਲ੍ਹ ਭੇਜਣ ਵਿਚ 10 ਦਿਨ ਦੇਣ ਦੀ ਮੰਗ ਕੀਤੀ ਤਾਂ ਜੋ ਮੈਡੀਕਲ ਟੈੱਸਟ ਕਰਵਾ ਲਏ ਜਾਣ, ਪਰ ਜੱਜ ਨੇ ਠੁਕਰਾ ਦਿੱਤੀ ਤੇ ਪੁਲਸ ਉਨ੍ਹਾ ਨੂੰ ਜੇਲ੍ਹ ਲੈ ਗਈ |