ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਨੇ ਸਨਿੱਚਰਵਾਰ ਐਲਾਨ ਕੀਤਾ ਹੈ ਕਿ ਉਨ੍ਹਾਂ ਇੱਕ ਅੰਤਰਮ ਵਪਾਰ ਸਮਝੌਤੇ ਲਈ ਫਰੇਮਵਰਕ ‘ਤੇ ਸਹਿਮਤੀ ਜਤਾਈ ਹੈ, ਜਿਸ ਦੇ ਤਹਿਤ ਨਵੀਂ ਦਿੱਲੀ ‘ਤੇ ਲਗਾਏ ਗਏ ਟੈਕਸ ਨੂੰ ਘਟਾ ਕੇ 18 ਫੀਸਦੀ ਕਰ ਦਿੱਤਾ ਜਾਵੇਗਾ। ਸਮਝੌਤੇ ਅਨੁਸਾਰ ਭਾਰਤ ਸਾਰੀਆਂ ਅਮਰੀਕੀ ਉਦਯੋਗਿਕ ਵਸਤੂਆਂ ਅਤੇ ਅਮਰੀਕੀ ਭੋਜਨ ਤੇ ਖੇਤੀਬਾੜੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ‘ਤੇ ਟੈਕਸ ਖਤਮ ਕਰੇਗਾ ਜਾਂ ਘਟਾਏਗਾ, ਜਿਸ ਵਿੱਚ ਸੁੱਕੇ ਡਿਸਟਿਲਰ ਅਨਾਜ, ਪਸ਼ੂ ਖੁਰਾਕ ਲਈ ਲਾਲ ਸੋਰਘਮ, ਟਰੀ ਨਟਸ, ਤਾਜ਼ੇ ਅਤੇ ਪ੍ਰੋਸੈੱਸ ਕੀਤੇ ਫਲ, ਸੋਇਆਬੀਨ ਤੇਲ, ਵਾਈਨ ਤੇ ਸਪਿਰਟ ਅਤੇ ਹੋਰ ਉਤਪਾਦ ਸ਼ਾਮਲ ਹਨ। ਦੋਵਾਂ ਦੇਸ਼ਾਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, ‘ਅਮਰੀਕਾ ਅਤੇ ਭਾਰਤ ਇਹ ਐਲਾਨ ਕਰਦੇ ਹੋਏ ਖੁਸ਼ ਹਨ ਕਿ ਉਹ ਆਪਸੀ ਅਤੇ ਲਾਭਕਾਰੀ ਵਪਾਰ ਦੇ ਸੰਬੰਧ ਵਿੱਚ ਇੱਕ ਅੰਤਰਮ ਸਮਝੌਤੇ ਲਈ ਫਰੇਮਵਰਕ ‘ਤੇ ਪਹੁੰਚ ਗਏ ਹਨ।’ ਬਿਆਨ ਵਿੱਚ ਕਿਹਾ ਗਿਆ ਕਿ ਇਹ ਫਰੇਮਵਰਕ 13 ਫਰਵਰੀ 2025 ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਵਿਆਪਕ ਅਮਰੀਕਾ-ਭਾਰਤ ਦੁਵੱਲੇ ਵਪਾਰ ਸਮਝੌਤੇ ਦੀ ਗੱਲਬਾਤ ਪ੍ਰਤੀ ਦੇਸ਼ਾਂ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ। ਸਮਝੌਤੇ ਦੀਆਂ ਮੁੱਖ ਸ਼ਰਤਾਂ ਅਨੁਸਾਰ ਅਮਰੀਕਾ ਭਾਰਤੀ ਵਸਤੂਆਂ ‘ਤੇ ਦਰਾਮਦ ਡਿਊਟੀ ਘਟਾ ਕੇ 18 ਫੀਸਦੀ ਕਰੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਅਮਰੀਕਾ ਨੇ ਰੂਸੀ ਤੇਲ ਦੀ ਖਰੀਦ ਕਾਰਨ ਭਾਰਤ ‘ਤੇ 25 ਫੀਸਦੀ ਪਰਸਪਰ ਟੈਕਸ ਅਤੇ 25 ਫੀਸਦੀ ਵਾਧੂ ਲੇਵੀ ਲਗਾਈ ਸੀ। 50 ਫੀਸਦੀ ਟੈਕਸ ਕਾਰਨ ਭਾਰਤੀ ਨਿਰਯਾਤਕਾਂ ਨੂੰ ਭਾਰੀ ਮਾਰ ਪਈ ਸੀ। ਟੈਕਸ ਵਿੱਚ ਇਸ ਕਟੌਤੀ ਨਾਲ ਭਾਰਤ ਦੇ ਟੈਕਸਟਾਈਲ, ਚਮੜਾ, ਪਲਾਸਟਿਕ, ਰਬੜ, ਜੈਵਿਕ ਰਸਾਇਣ ਅਤੇ ਕਲਾਤਮਕ ਵਸਤੂਆਂ ਵਰਗੇ ਖੇਤਰਾਂ ਦੇ ਨਿਰਯਾਤ ਨੂੰ ਹੁਲਾਰਾ ਮਿਲੇਗਾ। ਅੰਤਰਮ ਸਮਝੌਤੇ ਦੇ ਸਫਲਤਾਪੂਰਵਕ ਮੁਕੰਮਲ ਹੋਣ ‘ਤੇ ਜੈਨਰਿਕ ਦਵਾਈਆਂ, ਰਤਨ ਅਤੇ ਹੀਰੇ ਅਤੇ ਜਹਾਜ਼ਾਂ ਦੇ ਹਿੱਸਿਆਂ ਸਮੇਤ ਵਸਤੂਆਂ ‘ਤੇ ਟੈਕਸ ਜ਼ੀਰੋ ਹੋ ਜਾਵੇਗਾ, ਜੋ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਹੋਰ ਮਜ਼ਬੂਤ ਕਰੇਗਾ। ਭਾਰਤ ਅਗਲੇ ਪੰਜ ਸਾਲਾਂ ਵਿੱਚ 500 ਬਿਲੀਅਨ ਡਾਲਰ ਦੇ ਅਮਰੀਕੀ ਊਰਜਾ ਉਤਪਾਦ, ਜਹਾਜ਼, ਕੀਮਤੀ ਧਾਤਾਂ ਤੇ ਤਕਨਾਲੋਜੀ ਉਤਪਾਦ ਖਰੀਦਣ ਦਾ ਇਰਾਦਾ ਰੱਖਦਾ ਹੈ।





