ਫਰੀਦਾਬਾਦ : ਪ੍ਰਸਿੱਧ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਵਿੱਚ ਝੂਲਾ ਡਿੱਗਣ ਕਾਰਨ ਹੋਈ ਪੁਲਸ ਇੰਸਪੈਕਟਰ ਦੀ ਮੌਤ ਦੇ ਮਾਮਲੇ ਵਿੱਚ ਪੁਲਸ ਨੇ ਹਿਮਾਚਲ ਫਨ ਕੇਅਰ ਦੇ ਮਾਲਕ ਮੁਹੰਮਦ ਸ਼ਾਕਿਰ (ਨਿਵਾਸੀ ਜ਼ਿਲ੍ਹਾ ਸਿਰਮੌਰ, ਹਿਮਾਚਲ ਪ੍ਰਦੇਸ਼) ਤੇ ਇੱਕ ਹੋਰ ਮੁਲਜ਼ਮ ਨਿਤੇਸ਼ (ਨਿਵਾਸੀ ਮੇਰਠ ਕੈਂਟ) ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਾਕਿਰ ਅਤੇ ਉਸ ਦੇ ਸਟਾਫ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 ਗੈਰ-ਇਰਾਦਤਨ ਕਤਲ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ। ਡੀ ਸੀ ਪੀ (ਅਪਰਾਧ) ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ, ਜੋ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਦੇ ਹਰ ਪਹਿਲੂ ਦੀ ਜਾਂਚ ਕਰੇਗੀ।
ਹਾਦਸਾ ਸ਼ਨੀਵਾਰ ਸ਼ਾਮ ਨੂੰ ਉਸ ਵੇਲੇ ਵਾਪਰਿਆ, ਜਦੋਂ ‘ਝੂਲਾ’ ਅਚਾਨਕ ਇੱਕ ਪਾਸਿਓਂ ਟੁੱਟ ਗਿਆ। ਮੌਕੇ ‘ਤੇ ਮੌਜੂਦ ਇੰਸਪੈਕਟਰ ਜਗਦੀਸ਼ ਪ੍ਰਸਾਦ ਜਦੋਂ ਹੋਰ ਲੋਕਾਂ ਨੂੰ ਬਚਾਉਣ ਲਈ ਅੱਗੇ ਵਧੇ ਤਾਂ ਝੂਲਾ ਦੂਜੇ ਪਾਸਿਓਂ ਵੀ ਟੁੱਟ ਕੇ ਉਨ੍ਹਾਂ ਉੱਪਰ ਜਾ ਡਿੱਗਿਆ। ਇੰਸਪੈਕਟਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਫਿਲਹਾਲ ਮੇਲੇ ਵਿੱਚ ਝੂਲਿਆਂ ਵਾਲਾ ਹਿੱਸਾ ਬੰਦ ਕਰ ਦਿੱਤਾ ਗਿਆ ਹੈ, ਜਦੋਂਕਿ ਬਾਕੀ ਮੇਲਾ ਲੋਕਾਂ ਲਈ ਖੁੱਲ੍ਹਾ ਹੈ।




