ਉੱਤਰਾਖੰਡ ਆਯੁਰਵੇਦਾ ਐਂਡ ਯੂਨਾਨੀ ਸਰਵਿਸਿਜ਼ ਲਾਇਸੈਂਸਿੰਗ ਅਥਾਰਟੀ ਨੇ ਬਾਬਾ ਰਾਮਦੇਵ ਦੀ ਪਤੰਜਲੀ ਉਤਪਾਦ ਬਣਾਉਣ ਵਾਲੀ ਕੰਪਨੀ ਦਿਵਿਆ ਫਾਰਮੇਸੀ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਗਿੱਲੜ੍ਹ, ਗਲੌਕੋਮਾ (ਅੱਖ ਦਾ ਰੋਗ) ਅਤੇ ਉੱਚ ਵਸਾ ਪੱਧਰ (ਲਿਪਿਡ) ਦੇ ਇਲਾਜ ਲਈ ਆਪਣੀਆਂ ਦਵਾਈਆਂ ਦੀ ਮਸ਼ਹੂਰੀ ਕਰਨ ਤੋਂ ਬਾਜ਼ ਆਉਣ ਲਈ ਕਿਹਾ ਹੈ | ਕੇਰਲਾ ਦੇ ਕਨੂੰਰ ਦੇ ਅੱਖਾਂ ਦੇ ਮਾਹਰ ਡਾਕਟਰ ਕੇ ਵੀ ਬਾਬੂ ਨੇ ਸ਼ਿਕਾਇਤ ਕਰਕੇ ਮੰਗ ਕੀਤੀ ਸੀ ਕਿ ਦਿਵਿਆ ਫਾਰਮੇਸੀ ਨੂੰ ਬੀਪੀਗਿ੍ਟ, ਮ ਧੂਗਿ੍ਟ, ਥਾਇਰੋਗਿ੍ਟ, ਆਈਗਿ੍ਟ ਤੇ ਲਿਪੀਡੋਮ ਦੀ ਮਸ਼ਹੂਰੀ ਕਰਨ ਤੋਂ ਰੋਕਿਆ ਜਾਏ | ਲਾਇਸੈਂਸਿੰਗ ਅਥਾਰਟੀ ਨੇ ਬੀਤੀ 7 ਸਤੰਬਰ ਨੂੰ ਦਿਵਿਆ ਫਾਰਮੇਸੀ ਨੂੰ ਮਸ਼ਹੂਰੀਆਂ ਰੋਕਣ ਲਈ ਪੱਤਰ ਜਾਰੀ ਕੀਤਾ | ਦਰਅਸਲ ਪਿਛਲੇ ਪੰਜ ਮਹੀਨਿਆਂ ਵਿਚ ਇਹ ਦੂਜੀ ਵਾਰੀ ਹੈ ਕਿ ਅਥਾਰਟੀ ਨੂੰ ਪਤੰਜਲੀ ਦੀਆਂ ਮਸ਼ਹੂਰੀਆਂ ਨਾਲ ਡਰੱਗ ਕਾਨੂੰਨਾਂ ਦੀ ਉਲੰਘਣਾ ਹੋਣ ਕਰਕੇ ਕਾਰਵਾਈ ਕਰਨੀ ਪਈ ਹੈ | ਡਰੱਗਜ਼ ਐਂਡ ਕੌਸਮੈਟਿਕਸ ਐਕਟ 1940 ਤੇ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ ਐਕਟ 1954 ਕੁਝ ਬਿਮਾਰੀਆਂ ਦੇ ਇਲਾਜ ਵਾਲੀਆਂ ਦਵਾਈਆਂ ਦੀ ਮਸ਼ਹੂਰੀ ਕਰਨ ਤੋਂ ਰੋਕਦੇ ਹਨ | ਇਨ੍ਹਾਂ ਕਾਨੂੰਨਾਂ ਮੁਤਾਬਕ ਕੋਈ ਬਲੱਡ ਪ੍ਰੈਸ਼ਰ, ਸ਼ੂਗਰ, ਲਿਵਰ ਦੇ ਰੋਗ, ਹਿਰਦੇ ਰੋਗ, ਗਲੌਕੋਮਾ ਤੇ ਗਿੱਲੜ੍ਹ ਰੋਗ ਦੇ ਇਲਾਜ ਵਾਲੀਆਂ ਦਵਾਈਆਂ ਦੀ ਮਸ਼ਹੂਰੀ ਨਹੀਂ ਕਰ ਸਕਦਾ | ਡਾ. ਬਾਬੂ ਮੁਤਾਬਕ ਉਹ ਤੇ ਹੋਰ ਡਾਕਟਰ ਚਿੰਤਤ ਸਨ ਕਿ ਅਜਿਹੀਆਂ ਮਸ਼ਹੂਰੀਆਂ ਲੋਕਾਂ ਦੀ ਸਿਹਤ ਲਈ ਖਤਰਾ ਬਣ ਸਕਦੀਆਂ ਹਨ, ਕਿਉਂਕਿ ਭੋਲੇ-ਭਾਲੇ ਲੋਕ ਪ੍ਰਭਾਵਤ ਹੋ ਕੇ ਇਨ੍ਹਾਂ ਨੂੰ ਖਰੀਦ ਸਕਦੇ ਹਨ | ਡਾ. ਬਾਬੂ ਨੇ ਇਸ ਤੋਂ ਪਹਿਲਾਂ ਜਦੋਂ 7 ਮਈ ਨੂੰ ਸ਼ਿਕਾਇਤ ਕੀਤੀ ਸੀ ਕਿ ਪਤੰਜਲੀ ਨੂੰ ਦਿਲ ਤੇ ਲਿਵਰ ਦੇ ਰੋਗਾਂ ਦੀਆਂ ਦਵਾਈਆਂ ਦੀ ਮਸ਼ਹੂਰੀ ਤੋਂ ਰੋਕਿਆ ਜਾਵੇ ਤਾਂ ਉਦੋਂ ਵੀ ਦਿਵਿਆ ਫਾਰਮੇਸੀ ਨੇ ਅਥਾਰਟੀ ਨੂੰ ਕਿਹਾ ਸੀ ਕਿ ਉਹ ਅੱਗੇ ਤੋਂ ਅਜਿਹੀ ਮਸ਼ਹੂਰੀ ਕਰਨੀ ਰੋਕ ਦੇਵੇਗੀ ਪਰ ਕੰਪਨੀ ਨੇ ਫਿਰ ਜੁਲਾਈ ਵਿਚ ਬੀਬੀਗਿ੍ਟ, ਆਈਗਿ੍ਟ, ਮਧੂਗਿ੍ਟ, ਥਾਇਰੋਗਿ੍ਟ ਤੇ ਲਿਪੀਡੋਮ ਵਰਗੀਆਂ ਦਵਾਈਆਂ ਦੀ ਮਸ਼ਹੂਰੀ ਸ਼ੁਰੂ ਕਰ ਦਿੱਤੀ | ਫਿਜ਼ੀਸ਼ੀਅਨਾਂ ਦੇ ਕੌਮੀ ਨੈੱਟਵਰਕ ਜਨ ਸਵਾਸਥ ਅਭਿਆਨ ਦੀ ਮੈਂਬਰ ਛਾਇਆ ਪਚੌਲੀ ਦਾ ਕਹਿਣਾ ਹੈ ਕਿ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦਾ ਦਿਵਿਆ ਫਾਰਮੇਸੀ ਨੂੰ ਪੱਤਰ ਇਹ ਗੱਲ ਸਾਬਤ ਕਰਦਾ ਹੈ ਕਿ ਉਸ ਨੇ ਸ਼ਿਕਾਇਤ ਨੂੰ ਵਾਜਬ ਮੰਨਿਆ ਹੈ | ਬਾਬਾ ਰਾਮਦੇਵ ਤੇ ਉਸ ਦੀ ਪਤੰਜਲੀ ਅਕਸਰ ਵਿਵਾਦਾਂ ਵਿਚ ਰਹਿੰਦੇ ਹਨ | ਕੋਰੋਨਾ ਕਾਲ ਵਿਚ ਉਸ ਨੇ ਆਪਣੀ ਦਵਾਈ ਦੀ ਮਸ਼ਹੂਰੀ ਕਰਦਿਆਂ ਐਲੋਪੈਥੀ ਨਾਲ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਗਲਤ ਸਾਬਤ ਕਰਨ ਲਈ ਪੂਰਾ ਟਿੱਲ ਲਾ ਦਿੱਤਾ ਸੀ | ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਖੁਦ ਜਾਨਾਂ ਗੁਆਉਣ ਵਾਲੇ ਡਾਕਟਰ ਭਾਈਚਾਰੇ ਨੇ ਇਸ ‘ਤੇ ਉਸ ਨੂੰ ਅਦਾਲਤ ਵਿਚ ਵੀ ਘੜੀਸਿਆ | ਕਈ ਵਾਰ ਅਦਾਲਤਾਂ ਨੇ ਉਸ ਨੂੰ ਝਾੜਾਂ ਪਾਈਆਂ ਪਰ ਉਹ ਬਾਜ਼ ਨਹੀਂ ਆਉਂਦਾ | ਉਸ ਨੇ ਕਿਸੇ ਅਥਾਰਟੀ ਵੱਲੋਂ ਵਰਜਣ ਨਾਲ ਸੂਤ ਨਹੀਂ ਆਉਣਾ, ਸਰਕਾਰ ਨੂੰ ਉਸ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ | ਇਹ ਠੀਕ ਹੈ ਕਿ ਚੋਣਾਂ ਵਿਚ ਉਸ ਨੇ ਭਾਜਪਾ ਦਾ ਬਹੁਤ ਸਾਥ ਦਿੱਤਾ ਹੈ ਪਰ ਉਸ ਨੂੰ ਸੁੱਕਾ ਛੱਡ ਕੇ ਸਰਕਾਰ ਦੇਸ਼ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ |