ਸਪੀਕਰ ਨੂੰ ਹਟਾਉਣ ਲਈ ਨੋਟਿਸ

0
3

ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਅਵਿਸ਼ਵਾਸ ਮਤਾ ਪੇਸ਼ ਕਰਨ ਲਈ ਮੰਗਲਵਾਰ ਨੋਟਿਸ ਦੇ ਦਿੱਤਾ। ਇਸ ‘ਤੇ 118 ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਅਨੁਸਾਰ ਨੋਟਿਸ ਮੰਗਲਵਾਰ ਦੁਪਹਿਰ 1:14 ਵਜੇ ਦਿੱਤਾ ਗਿਆ। ਨੋਟਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ਦੇ ਅਨੁਛੇਦ 94 (ਸੀ) ਦੇ ਉਪਬੰਧਾਂ ਦੇ ਅਨੁਸਾਰ, ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਤੋਂ ਹਟਾਉਣ ਲਈ ਇਕ ਮਤੇ ਦਾ ਨੋਟਿਸ ਲੋਕ ਸਭਾ ਦੇ ਕੰਮਕਾਜ ਨੂੰ ਚਲਾਉਣ ਵਾਲੇ ਸਪੱਸ਼ਟ ਪੱਖਪਾਤੀ ਢੰਗ ਕਾਰਨ ਦਿੱਤਾ ਗਿਆ ਹੈ। ਕਈ ਮੌਕਿਆਂ ‘ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਜੋ ਕਿ ਸੰਸਦ ਵਿਚ ਉਨ੍ਹਾਂ ਦਾ ਮੂਲ ਲੋਕਤੰਤਰੀ ਅਧਿਕਾਰ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਲੋਕ ਸਭਾ ਦੇ ਕੰਮਕਾਜ ਨੂੰ ਚਲਾਉਣ ਲਈ ਪੱਖਪਾਤੀ ਵਿਹਾਰ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਦਨ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਜਟ ਸੈਸ਼ਨ ਦੇ 10ਵੇਂ ਦਿਨ ਮੰਗਲਵਾਰ ਨੂੰ ਲੋਕ ਸਭਾ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਕਾਰਨ ਪ੍ਰਸ਼ਨ ਕਾਲ ਦੀ ਕਾਰਵਾਈ ਨਹੀਂ ਹੋ ਸਕੀ। ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਨੇ ਵੱਖ-ਵੱਖ ਮੁੱਦਿਆਂ ‘ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਚਰਚਾ ਨਾ ਹੋਣ ਕਾਰਨ ਪੀ.ਸੀ. ਮੋਹਨ ਨੇ ਮਹਿਜ਼ ਇੱਕ ਮਿੰਟ ਬਾਅਦ ਹੀ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਹੰਗਾਮਾ ਜਾਰੀ ਰਹਿਣ ਕਾਰਨ ਬਾਅਦ ਵਿਚ ਲੋਕ ਸਭਾ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੇ ਬਾਹਰ ਵੀ ਸਿਆਸੀ ਪਾਰਾ ਵਧਿਆ। ਸਾਬਕਾ ਫੌਜ ਮੁਖੀ ਜਨਰਲ ਨਰਵਣੇ ਦੀ ਕਿਤਾਬ ਨਾਲ ਜੁੜੇ ਵਿਵਾਦ ‘ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਾਂ ਤਾਂ ਸਾਬਕਾ ਫੌਜ ਮੁਖੀ ਝੂਠ ਬੋਲ ਰਹੇ ਹਨ ਜਾਂ ਫਿਰ ਸਰਕਾਰ, ਪਰ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜਨਰਲ ਨਰਵਣੇ ਕਦੇ ਝੂਠ ਨਹੀਂ ਬੋਲਣਗੇ। ਇਸ ਬਿਆਨ ਨੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਕਾਰਨ ਬਜਟ ਸੈਸ਼ਨ ਦੇ ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਹੰਗਾਮੇ ਦੇ ਆਸਾਰ ਹਨ।