ਵਾਸ਼ਿੰਗਟਨ : ਦੋ ਅਮਰੀਕੀ ਕਾਨੂੰਨਦਾਨਾਂ ਦਾ ਕਹਿਣਾ ਹੈ ਕਿ ਅਮਰੀਕੀ ਨਿਆਂ ਵਿਭਾਗ ਵੱਲੋਂ ਯੌਨ ਅਪਰਾਧੀ ਜੈਫਰੀ ਐਪਸਟੀਨ ਵੱਲੋਂ ਨਾਬਾਲਗਾਂ ਨੂੰ ਵੱਡੇ ਲੋਕਾਂ ਅੱਗੇ ਪਰੋਸਣ ਬਾਰੇ ਜਾਰੀ ਕੀਤੇ ਦਸਤਾਵੇਜ਼ਾਂ ਵਿੱਚ ਘੱਟੋ-ਘੱਟ ਛੇ ਜਣਿਆਂ ਦੇ ਨਾਂਅ ਬਿਨਾਂ ਕਿਸੇ ਸਪੱਸ਼ਟ ਕਾਨੂੰਨੀ ਵਜ੍ਹਾ ਦੇ ਲੁਕਾ ਲਏ ਗਏ ਜਾਪਦੇ ਹਨ। ਰਿਪਬਲੀਕਨ ਪ੍ਰਤੀਨਿਧ ਥਾਮਸ ਮੈਸੀ ਤੇ ਡੈਮੋਕਰੇਟ ਪ੍ਰਤੀਨਿਧ ਰੋ ਖੰਨਾ ਨੇ ਕਿਹਾ ਕਿ ਉਨ੍ਹਾਂ ਸੋਮਵਾਰ ਨਿਆਂ ਵਿਭਾਗ ਦੇ ਰੀਡਿੰਗ ਰੂਮ ਵਿੱਚ ਫਾਈਲਾਂ ਨੂੰ ਵਾਚਦਿਆਂ ਅਜਿਹਾ ਮਹਿਸੂਸ ਕੀਤਾ ਹੈ। ਦੋਹਾਂ ਨੇ ਇਹ ਕਹਿੰਦਿਆਂ ਫੌਰੀ ਤੌਰ ‘ਤੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਕਿ ਪਹਿਲਾਂ ਉਹ ਚਾਹੁੰਣਗੇ ਕਿ ਨਿਆਂ ਵਿਭਾਗ ਫਾਈਲਾਂ ਵਿੱਚ ਕੀਤੀ ਸੰਭਾਵਤ ਛੇੜਛਾੜ ਨੂੰ ਦਰੁੱਸਤ ਕਰ ਲਵੇ।
ਮੈਸੀ ਨੇ ਕਿਹਾ ਕਿ ਛੇ ਜਣਿਆਂ ਵਿੱਚ ਘੱਟੋ-ਘੱਟ ਇੱਕ ਅਮਰੀਕੀ, ਘੱਟੋ-ਘੱਟ ਇੱਕ ਵਿਦੇਸ਼ੀ ਨਾਗਰਿਕ ਤੇ ਇੱਕ ਵਿਦੇਸ਼ੀ ਸਰਕਾਰ ਦਾ ਕਾਫੀ ਉੱਚਾ ਬੰਦਾ ਹੈ। ਖੰਨਾ ਨੇ ਕਿਹਾ ਕਿ ਇੱਕ ਹੋਰ ਕਾਫੀ ਉੱਘੀ ਸ਼ਖਸੀਅਤ ਹੈ। ਦੋਹਾਂ ਕਾਨੂੰਨਦਾਨਾਂ ਨੇ ਇਸ਼ਾਰਾ ਕੀਤਾ ਕਿ ਜੇ ਇਹ ਨਾਂਅ ਜਨਤਕ ਨਾ ਕੀਤੇ ਗਏ ਤਾਂ ਉਹ ਕਾਂਗਰਸ ਵਿੱਚ ਸੁਣਵਾਈ ਦੌਰਾਨ ਮਾਮਲਾ ਉਠਾ ਸਕਦੇ ਹਨ।
ਐਪਸਟੀਨ ਨਾਲ ਸੰਬੰਧਤ ਤਾਜ਼ਾ ਰਿਕਾਰਡ ਦੀ ਘੋਖ ਲਈ ਕਾਂਗਰਸ ਦੇ ਮੈਂਬਰਾਂ ਨੂੰ ਪਹਿਲੀ ਵਾਰ ਆਗਿਆ ਦਿੱਤੀ ਗਈ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਦੀ ਇਹ ਕਹਿੰਦਿਆਂ ਵਿਆਪਕ ਨੁਕਤਾਚੀਨੀ ਹੋਈ ਸੀ ਕਿ ਦਸਤਾਵੇਜ਼ਾਂ ਵਿੱਚ ਕਾਫੀ ਛੇੜਛਾੜ ਕੀਤੀ ਗਈ। ਵਿਵਾਦ ਐਪਸਟੀਨ ਫਾਈਲਜ਼ ਟਰਾਂਸਪੇਰੈਂਸੀ ਐਕਟ ਉੱਤੇ ਕੇਂਦਰਤ ਹੈ, ਜਿਹੜਾ ਕਹਿੰਦਾ ਹੈ ਕਿ ਨਿਆਂ ਵਿਭਾਗ ਐਪਸਟੀਨ ਤੇ ਉਸ ਦੇ ਸੰਗੀਆਂ ਨਾਲ ਸੰਬੰਧਤ ਰਿਕਾਰਡ ਜਨਤਕ ਕਰੇ। ਇਹ ਐਕਟ ਸਿਰਫ ਵੱਡੇ ਲੋਕਾਂ ਦੀ ਹਵਸ ਦਾ ਸ਼ਿਕਾਰ ਹੋਣ ਵਾਲਿਆਂ ਜਾਂ ਜਾਂਚ ਦੇ ਘੇਰੇ ਵਿੱਚ ਆਉਣ ਵਾਲਿਆਂ ਦੀ ਪਛਾਣ ਲੁਕੋਣ ਦੀ ਗੱਲ ਕਰਦਾ ਹੈ।
ਅਮਰੀਕਾ ਦੀਆਂ ਦੋਹਾਂ ਵੱਡੀਆਂ ਪਾਰਟੀਆਂ ਦੇ ਕਈ ਕਾਨੂੰਨਦਾਨਾਂ ਦਾ ਕਹਿਣਾ ਹੈ ਕਿ ਨਿਆਂ ਵਿਭਾਗ ਕਾਨੂੰਨ ਮੁਤਾਬਕ ਨਹੀਂ ਚੱਲ ਰਿਹਾ। ਡੈਮੋਕਰੇਟ ਜੈਮੀ ਰਸਕਿਨ ਨੇ ਕਿਹਾ ਹੈ ਕਿ ਉਨ੍ਹਾ ਕਈ ਮਿਸਾਲਾਂ ਦੇਖੀਆਂ, ਜਿੱਥੇ ਕਈ ਅਜਿਹੇ ਲੋਕਾਂ ਦੇ ਨਾਂਅ ਲੁਕੋਏ ਗਏ ਹਨ, ਜਿਹੜੇ ਕਿ ਪੀੜਤ ਨਹੀਂ ਸਨ। ਉਨ੍ਹਾ ਐਪਸਟੀਨ ਤੇ ਟਰੰਪ ਦੇ ਰਿਸ਼ਤੇ ਦੀ ਮਿਸਾਲ ਵੀ ਦਿੱਤੀ ਹੈ, ਹਾਲਾਂਕਿ ਟਰੰਪ ਖੰਡਨ ਕਰਦੇ ਆ ਰਹੇ ਹਨ।
ਦਸਤਾਵੇਜ਼ਾਂ ਦਾ ਅਧਿਐਨ ਕਰਨ ਵਾਲੇ ਇੱਕ ਹੋਰ ਡੈਮੋਕਰੇਟ ਜਾਰੇਡ ਮੋਸਕੋਵਿਜ਼ ਨੇ ਕਿਹਾ ਹੈ ਕਿ ਇਸ ਘਿਨਾਉਣੇ ਸਕੈਂਡਲ ਵਿੱਚ ਦੁਨੀਆ ਭਰ ਦੇ ਬਹੁਤ ਲੋਕ ਸ਼ਾਮਲ ਸਨ। ਖੰਨਾ ਨੇ ਕਿਹਾ ਕਿ ਨਿਆਂ ਵਿਭਾਗ ਕੋਲ ਪਹੁੰਚੇ ਕੁਝ ਦਸਤਾਵੇਜ਼ਾਂ ਵਿੱਚ ਕੇਂਦਰੀ ਜਾਂਚ ਏਜੰਸੀ ਐੱਫ ਬੀ ਆਈ ਨੇ ਪਹਿਲਾਂ ਹੀ ਛੇੜਛਾੜ ਕਰ ਦਿੱਤੀ, ਹਾਲਾਂਕਿ ਕਾਨੂੰਨ ਕਹਿੰਦਾ ਹੈ ਕਿ ਦਸਤਾਵੇਜ਼ਾਂ ਦੇਖਣ ਵਾਲਿਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਗਲਤ ਕੰਮ ਕੀਤਾ ਹੈ ਉਨ੍ਹਾਂ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ।
ਨਿਆਂ ਵਿਭਾਗ ਨੇ ਕਿਹਾ ਕਿ ਉਸ ਕੋਲ ਐਪਸਟੀਨ ਨਾਲ ਸੰਬੰਧਤ ਲੱਖਾਂ ਫਾਈਲਾਂ ਹਨ ਅਤੇ ਉਸ ਨੇ ਕਈ ਹਜ਼ਾਰ ਉਹ ਫਾਈਲਾਂ ਇਸ ਕਰਕੇ ਜਨਤਕ ਨਹੀਂ ਕੀਤੀਆਂ, ਕਿਉਂਕਿ ਉਹ ਪੀੜਤਾਂ ਤੇ ਵਕੀਲਾਂ ਵਿਚਾਲੇ ਗੱਲਬਾਤ ਬਾਰੇ ਹਨ। ਕੁਝ ਕਾਨੂੰਨਦਾਨਾਂ ਦਾ ਕਹਿਣਾ ਹੈ ਕਿ ਦਸਤਾਵੇਜ਼ ਕਰੋੜਾਂ ਵਿੱਚ ਹਨ ਤੇ ਇਨ੍ਹਾਂ ਨੂੰ ਘੋਖਣ ਵਿੱਚ ਕਈ ਵਰ੍ਹੇ ਲੱਗ ਸਕਦੇ ਹਨ।
ਅਮਰੀਕਾ ਦੇ ਅਟਾਰਨੀ ਜਨਰਲ ਪਾਮ ਬੌਂਡੀ ਨੇ ਗਵਾਹੀ ਲਈ ਇਸ ਹਫਤੇ ਕਾਂਗਰਸ ਦੀ ਨਿਆਂ ਕਮੇਟੀ ਅੱਗੇ ਪੇਸ਼ ਹੋਣਾ, ਜਿੱਥੇ ਮੈਂਬਰ ਉਨ੍ਹਾ ਤੋਂ ਪੁੱਛ ਸਕਦੇ ਹਨ ਕਿ ਨਿਆਂ ਵਿਭਾਗ ਨੇ ਜਾਰੀ ਕਰਨ ਤੋਂ ਪਹਿਲਾਂ ਫਾਈਲਾਂ ਦੀ ਕਿਵੇਂ ਪੁਣ-ਛਾਣ ਕੀਤੀ।
ਐਪਸਟੀਨ ਬਹੁਤ ਵੱਡਾ ਫਾਇਨੈਂਸਰ ਸੀ ਤੇ ਉਸ ਦੇ ਵਿਆਪਕ ਸਿਆਸੀ ਤੇ ਸਮਾਜੀ ਕੁਨੈਕਸ਼ਨ ਸਨ। ਉਸ ‘ਤੇ 2019 ਵਿੱਚ ਨਾਬਾਲਗਾਂ ਨੂੰ ਵੱਡੇ ਲੋਕਾਂ ਅੱਗੇ ਪਰੋਸਣ ਦੇ ਦੋਸ਼ ਵਿੱਚ ਮੁਕੱਦਮਾ ਚੱਲਿਆ ਸੀ ਅਤੇ ਇਸ ਦੌਰਾਨ ਨਿਊ ਯਾਰਕ ਦੀ ਜੇਲ੍ਹ ਵਿੱਚ ਉਸ ਦੀ ਮੌਤ ਹੋ ਗਈ ਸੀ। ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਗਿਆ ਸੀ।
ਅਮਰੀਕੀ ਨਿਆਂ ਵਿਭਾਗ ਵੱਲੋਂ 30 ਜਨਵਰੀ ਨੂੰ ਜਾਰੀ ਕਰੀਬ 30 ਲੱਖ ਸਫਿਆਂ ਦੇ ਦਸਤਾਵੇਜ਼ਾਂ ਤੋਂ ਬਾਅਦ 10 ਦੇਸ਼ਾਂ ਦੇ 15 ਤੋਂ ਵੱਧ ਵੱਡੇ ਅਧਿਕਾਰੀਆਂ ਨੂੰ ਅਹੁਦੇ ਛੱਡਣੇ ਪਏ ਹਨ। 80 ਤੋਂ ਵੱਧ ਤਾਕਤਵਰ ਲੋਕਾਂ ਦੀ ਜਾਂਚ ਚੱਲ ਰਹੀ ਹੈ। ਇਨ੍ਹਾਂ ਫਾਈਲਾਂ ਵਿੱਚ ਆਗੂਆਂ, ਰਾਜਦੂਤਾਂ, ਅਰਬਪਤੀਆਂ ਤੇ ਸ਼ਾਹੀ ਖਾਨਦਾਨਾਂ ਦੇ ਜੀਆਂ ਦੇ ਨਾਂਅ ਸ਼ਾਮਲ ਹਨ। ਈ-ਮੇਲ, ਫਲਾਈਟ ਲੌਗ ਤੇ ਸੰਪਰਕ ਰਿਕਾਰਡ ਵਿੱਚ 700 ਤੋਂ 1000 ਅਸਰਦਾਰ ਲੋਕਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਉਨ੍ਹਾ ਦੀ ਪਤਨੀ ਹਿਲੇਰੀ ਕਲਿੰਟਨ ਦੇ ਨਾਂਅ ਵੱਖ-ਵੱਖ ਸੰਦਰਭਾਂ ਵਿੱਚ ਸਾਹਮਣੇ ਆਏ ਹਨ। ਫਾਈਲਾਂ ਜਾਰੀ ਹੋਣ ਤੋਂ ਬਾਅਦ ਬਰਤਾਨੀਆ ਦੇ ਸਾਬਕਾ ਰਾਜਦੂਤ ਪੀਟਰ ਮੈਂਡੇਲਸਨ, ਸਲਾਹਕਾਰ ਐਡਮ ਪੇਰੀ ਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਚੀਫ ਆਫ ਸਟਾਫ ਮਾਰਗਨ ਮੈਕਸਵੀਨੀ ਨੇ ਅਸਤੀਫਾ ਦਿੱਤਾ। ਸਟਾਰਮਰ ‘ਤੇ ਮੈਂਡੇਲਸਨ ਨੂੰ ਅਮਰੀਕਾ ਦਾ ਰਾਜਦੂਤ ਬਣਾਉਣ ਨੂੰ ਲੈ ਕੇ ਅਸਤੀਫੇ ਲਈ ਦਬਾਅ ਪੈ ਰਿਹਾ ਹੈ। ਸਲੋਵਾਕੀਆ ਦੇ ਸਾਬਕਾ ਵਿਦੇਸ਼ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਮੀਰੋਸਲਾਵ ਲਾਈਚਾਕ, ਸਵੀਡਨ ਦੀ ਸੀਨੀਅਰ ਡਿਪਲੋਮੇਟ ਜੋਆਨਾ ਰੁਬਿਨਸਟੀਨ, ਨਾਰਵੇ ਦੀ ਰਾਜਦੂਤ ਮੋਨਾ ਜੂਲ ਅਤੇ ਅਮਰੀਕਾ ਦੀ ਕਿਰਤ ਮੰਤਰੀ ਅਲੈਕਸ ਐਕੋਸਟਾ ਨੂੰ ਅਸਤੀਫਾ ਦੇਣਾ ਪਿਆ। ਮਾਈਕਰੋਸਾਫਟ ਦੇ ਸਹਿ-ਬਾਨੀ ਬਿਲ ਗੇਟਸ ਨੇ ਐਪਸਟੀਨ ਨਾਲ ਸੰਬੰਧਾਂ ‘ਤੇ ਅਫਸੋਸ ਜ਼ਾਹਰ ਕਰਦਿਆਂ ਫਾਊਂਡੇਸ਼ਨ ਦੇ ਬੋਰਡ ਤੋਂ ਅਸਤੀਫਾ ਦਿੱਤਾ। ਐਪਸਟੀਨ ਨੇ ਇੱਕ ਈ-ਮੇਲ ਵਿੱਚ ਲਿਖਿਆ ਸੀ ਕਿ ਬਿਲ ਗੇਟਸ ਨਾਲ ਉਸ ਦਾ ਰਿਸ਼ਤਾ ਰੂਸੀ ਕੁੜੀਆਂ ਨਾਲ ਯੌਨ ਸੰਬੰਧ ਨਾਲ ਹੋਣ ਵਾਲੀ ਬਿਮਾਰੀ ਨਾਲ ਨਿਬੜਨ ਲਈ ਡਰੱਗਜ਼ ਦਿਵਾਉਣ ਤੋਂ ਲੈ ਕੇ ਵਿਆਹੁਤਾ ਮਹਿਲਾਵਾਂ ਨਾਲ ਨਾਜਾਇਜ਼ ਸੰਬੰਧਾਂ ਵਿੱਚ ਮਦਦ ਕਰਨ ਦਾ ਸੀ। ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਏਹੁਦ ਬਰਾਕ ਦਾ ਨਿਊ ਯਾਰਕ ਵਿੱਚ ਐਪਸਟੀਨ ਦੇ ਅਪਾਰਟਮੈਂਟ ਵਿੱਚ ਠਹਿਰਨ ਦਾ ਜ਼ਿਕਰ ਆਉਣ ‘ਤੇ ਉਨ੍ਹਾ ਨੂੰ ਸਫਾਈ ਦੇਣੀ ਪਈ। ਐਪਸਟੀਨ ਫਾਈਲਾਂ ਵਿੱਚ ਟਰੰਪ ਦਾ ਨਾਂਅ 38 ਹਜ਼ਾਰ ਤੋਂ ਵੱਧ ਵਾਰ ਦਰਜ ਹੈ। ਭਾਰਤ ਦੇ ਵੱਡੇ ਸਨਅਤਕਾਰ ਅਨਿਲ ਅੰਬਾਨੀ ਤੇ ਐਪਸਟੀਨ ਵਿਚਾਲੇ 2017-19 ਦੌਰਾਨ ਕਾਰੋਬਾਰ, ਵਿਸ਼ਵ ਮਾਮਲਿਆਂ ਤੇ ਮਹਿਲਾਵਾਂ ਨੂੰ ਚਰਚਾ ਦਾ ਵੀ ਜ਼ਿਕਰ ਹੈ। 2005 ਵਿੱਚ ਫਲੋਰੀਡਾ ਦੀ 14 ਸਾਲ ਦੀ ਕੁੜੀ ਦੀ ਮਾਂ ਨੇ ਸ਼ਿਕਾਇਤ ਕੀਤੀ ਸੀ ਕਿ ਐਪਸਟੀਨ ਨੇ ਮਸਾਜ਼ ਦੇ ਬਹਾਨੇ ਯੌਨ ਸ਼ੋਸ਼ਣ ਕੀਤਾ। ਜਾਂਚ ਵਿੱਚ 30 ਨਾਬਾਲਗ ਕੁੜੀਆਂ ਦੇ ਨਾਂਅ ਸਾਹਮਣੇ ਆਏ। ਕਾਂਗਰਸ ਨੇ ਐਪਸਟੀਨ ਫਾਈਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਹੋਣ ਦਾ ਦਾਅਵਾ ਕੀਤਾ ਸੀ, ਜਿਸ ਦੀ ਵਿਦੇਸ਼ ਮੰਤਰਾਲੇ ਨੇ ਸਖਤੀ ਨਾਲ ਤਰਦੀਦ ਕੀਤੀ। ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਸੀ ਕਿ ਐਪਸਟੀਨ ਫਾਈਲਾਂ ਵਿੱਚ ਨਰਿੰਦਰ ਮੋਦੀ ਦਾ ਨਾਂਅ ਆ ਗਿਆ ਹੈ। ਐਪਸਟੀਨ ਨੇ 9 ਜੁਲਾਈ 2017 ਦੀ ਈ-ਮੇਲ ਵਿੱਚ ਲਿਖਿਆ ਸੀ, ‘ਭਾਰਤੀ ਪੀ ਐੱਮ ਮੋਦੀ ਨੇ ਸਲਾਹ ਲਈ ਤੇ ਅਮਰੀਕੀ ਰਾਸ਼ਟਰਪਤੀ ਦੇ ਫਾਇਦੇ ਲਈ ਇਜ਼ਰਾਈਲ ਵਿੱਚ ਡਾਂਸ ਕੀਤਾ ਅਤੇ ਗਾਇਆ। ਉਹ ਕੁਝ ਹਫਤੇ ਪਹਿਲਾਂ ਮਿਲੇ ਸੀ। ਇਹ ਕੰਮ ਕਰ ਗਿਆ।’ ਖੇੜਾ ਨੇ ਕਿਹਾ ਕਿ ਐਪਸਟੀਨ ਦਾ ਸਾਫ ਕਹਿਣਾ ਹੈ ਕਿ ਮੋਦੀ ਨੇ ਉਸ ਤੋਂ ਸਲਾਹ ਲਈ। ਮੋਦੀ ਨੇ 4 ਤੋਂ 6 ਜੁਲਾਈ ਤੱਕ ਇਜ਼ਰਾਈਲ ਦਾ ਦੌਰਾ ਕੀਤਾ ਸੀ ਤੇ ਇਸ ਦੇ ਤਿੰਨ ਦਿਨ ਬਾਅਦ ਐਪਸਟੀਨ ਨੇ ਮੇਲ ਲਿਖੀ। ਇਜ਼ਰਾਈਲ ਦੌਰੇ ਤੋਂ ਠੀਕ ਪਹਿਲਾਂ 25-26 ਜੂਨ 2017 ਨੂੰ ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲੇ ਸਨ। ਐਪਸਟੀਨ ਦੀ ਮੇਲ ਦੀਆਂ ਕੜੀਆਂ ਜੋੜੀਏ ਤਾਂ ਸਮਝ ਆਉਂਦਾ ਹੈ ਕਿ ਮੋਦੀ ਜੂਨ ਨੂੰ ਅਮਰੀਕਾ ਗਏ ਤੇ ਉੱਥੇ ਐਪਸਟੀਨ ਦੀ ਸਲਾਹ ਲਈ। ਸਾਫ ਹੈ ਕਿ ਮੋਦੀ ਦਾ ਐਪਸਟੀਨ ਨਾਲ ਡੂੰਘਾ ਰਿਸ਼ਤਾ ਸੀ। ਇਹ ਭਾਰਤ ਲਈ ਸ਼ਰਮਨਾਕ ਹੈ। ਇਹ ਮਾਮਲਾ ਭਾਰਤੀ ਆਨ-ਬਾਨ ਦਾ ਹੈ, ਜਿਸ ਲਈ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਨੇ ਖੇੜਾ ਦੇ ਬਿਆਨ ਤੋਂ ਬਾਅਦ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਜ਼ਰਾਈਲ ਦੇ ਸਰਕਾਰੀ ਦੌਰੇ ‘ਤੇ ਗਏ ਸਨ, ਪਰ ਈ-ਮੇਲ ਵਿੱਚ ਕਹੀਆਂ ਬਾਕੀ ਗੱਲਾਂ ਇੱਕ ਦੋਸ਼ੀ ਅਪਰਾਧੀ ਦੀ ਬਕਵਾਸ ਤੋਂ ਬਿਨਾਂ ਕੁਝ ਨਹੀਂ।





