ਮਾਂ ਵਿਦੇਸ਼ ਰਹਿੰਦੇ ਪੁੱਤ ਨਾਲ ਮਿਲ ਕੇ ਚਲਾਉਂਦੀ ਸੀ ਫਿਰੌਤੀ ਦਾ ਧੰਦਾ

0
8

ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇੱਕ ਮਾਂ ਵੱਲੋਂ ਆਪਣੇ ਵਿਦੇਸ਼ ਬੈਠੇ ਪੁੱਤ ਨਾਲ ਮਿਲ ਕੇ ਫਿਰੌਤੀ ਦਾ ਰੈਕੇਟ ਚਲਾਉਣ ਦਾ ਖੁਲਾਸਾ ਹੋਇਆ ਹੈ। ਪੁਲਸ ਜਾਂਚ ਮੁਤਾਬਕ ਇਹ ਔਰਤ ਇਲਾਕੇ ਦੇ ਅਮੀਰ ਵਪਾਰੀਆਂ ਦੀ ਪਛਾਣ ਕਰਦੀ ਸੀ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਆਪਣੇ ਪੁੱਤ ਨੂੰ ਭੇਜਦੀ ਸੀ, ਤਾਂ ਜੋ ਉਹ ਵਿਦੇਸ਼ ਤੋਂ ਉਨ੍ਹਾਂ ਨੂੰ ਧਮਕਾ ਸਕੇ ।ਥਾਣਾ ਸਾਦਿਕ ਦੀ ਪੁਲਸ ਨੇ ਇਸ ਮਾਮਲੇ ਵਿੱਚ ਪਰਮਜੀਤ ਕੌਰ, ਉਸ ਦੇ ਵਿਦੇਸ਼ ਰਹਿੰਦੇ ਪੁੱਤਰ ਹਰਮਨਪ੍ਰੀਤ ਸਿੰਘ ਉਰਫ਼ ਹਾਮੀ ਅਤੇ ਉਨ੍ਹਾਂ ਦੇ ਇੱਕ ਸਾਥੀ ਸੋਨੂ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਜਾਂਚ ਵਿੱਚ ਸਾਹਮਣੇ ਆਇਆ ਕਿ ਪਰਮਜੀਤ ਕੌਰ ਸਥਾਨਕ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਦੇ ਬਾਹਰ ਲੱਗੇ ਬੋਰਡਾਂ ਤੋਂ ਮਾਲਕਾਂ ਦੇ ਨਾਂਅ ਅਤੇ ਮੋਬਾਇਲ ਨੰਬਰ ਨੋਟ ਕਰਦੀ ਸੀ। ਏਨਾ ਹੀ ਨਹੀਂ, ਉਹ ਵਪਾਰੀਆਂ ਦੇ ਪਰਵਾਰਾਂ ਬਾਰੇ ਵੀ ਗੁਪਤ ਜਾਣਕਾਰੀ ਇਕੱਠੀ ਕਰਦੀ ਸੀ।ਇਹ ਸਾਰੀ ਜਾਣਕਾਰੀ ਉਹ ਆਪਣੇ ਪੁੱਤਰ ਹਰਮਨਪ੍ਰੀਤ ਨੂੰ ਭੇਜਦੀ ਸੀ, ਜੋ ਅੱਗੇ ਇੰਟਰਨੈਸ਼ਨਲ ਵਟਸਐਪ ਨੰਬਰਾਂ ਰਾਹੀਂ ਇਨ੍ਹਾਂ ਵਪਾਰੀਆਂ ਨੂੰ ਫੋਨ ਕਰਕੇ ਲੱਖਾਂ ਰੁਪਏ ਦੀ ਮੰਗ ਕਰਦਾ ਸੀ। ਪੀੜਤਾਂ ਨੂੰ ਡਰਾਉਣ ਲਈ ਉਹ ਉਨ੍ਹਾਂ ਦੇ ਬੱਚਿਆਂ ਅਤੇ ਪਰਵਾਰਕ ਮੈਂਬਰਾਂ ਬਾਰੇ ਅਜਿਹੀਆਂ ਗੱਲਾਂ ਕਰਦਾ ਸੀ, ਜਿਸ ਨਾਲ ਵਪਾਰੀ ਸਹਿਮ ਜਾਂਦੇ ਸਨ ਕਿ ਕੋਈ ਉਨ੍ਹਾਂ ਦੀ ਪਲ-ਪਲ ਦੀ ਖ਼ਬਰ ਰੱਖ ਰਿਹਾ ਹੈ।ਇਸ ਗੋਰਖਧੰਦੇ ਦਾ ਪਰਦਾ ਫਾਸ਼ ਉਦੋਂ ਹੋਇਆ, ਜਦੋਂ ਸਾਦਿਕ ਦੇ ਇੱਕ ਕੱਪੜਾ ਵਪਾਰੀ ਜਸਵਿੰਦਰ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਸਵਿੰਦਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ਵਿੱਚ 80 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਧਮਕੀ ਦੇਣ ਵਾਲੇ ਨੇ ਇਹ ਵੀ ਦੱਸਿਆ ਕਿ ਉਸ ਨੂੰ ਪਤਾ ਹੈ ਕਿ ਜਸਵਿੰਦਰ ਦਾ ਲੜਕਾ ਕਿੱਥੇ ਪੜ੍ਹਦਾ ਹੈ।
ਪੁਲਸ ਨੇ ਜਦੋਂ ਤਕਨੀਕੀ ਜਾਂਚ ਕੀਤੀ ਅਤੇ ਡਿਜੀਟਲ ਫੁੱਟਪਿ੍ਰੰਟਸ ਨੂੰ ਟਰੇਸ ਕੀਤਾ, ਤਾਂ ਤਾਰਾਂ ਪਰਮਜੀਤ ਕੌਰ ਤੇ ਉਸ ਦੇ ਪੁੱਤਰ ਨਾਲ ਜਾ ਜੁੜ ਗਈਆਂ। ਪੁਲਸ ਨੇ ਇਸ ਗਰੋਹ ਦੇ ਮੈਂਬਰਾਂ ਨੂੰ ਫੜਨ ਲਈ ਯਤਨ ਆਰੰਭ ਦਿੱਤੇ ਹਨ।