ਹੜ੍ਹਾਂ ਤੋਂ ਬਚਾਅ ਲਈ ਡੰਗੇ ਬਣਨਗੇ ਪਿੰਡਾਂ ਦੀ ਢਾਲ : ਬੈਂਸ

0
9

ਸ੍ਰੀ ਅਨੰਦਪੁਰ ਸਾਹਿਬ (ਅਰਵਿੰਦਰ ਸਿੰਘ ਬਿੰਦੀ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਹਲਕਾ ਵਾਸੀਆਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਦਰਿਆ ਨਜ਼ਦੀਕ ਵਸਦੇ ਦਰਜਨਾਂ ਪਿੰਡਾਂ ਨੂੰ ਬਰਸਾਤਾਂ ਦੌਰਾਨ ਹੜ੍ਹਾਂ ਤੋਂ ਬਚਾਉਣ ਲਈ ਲਗਭਗ 52 ਕਰੋੜ ਰੁਪਏ ਦੀ ਲਾਗਤ ਨਾਲ ਡੰਗੇ ਲਗਾਉਣ ਦੇ ਇਤਿਹਾਸਕ ਪ੍ਰੋਜੈਕਟ ਦੀ ਜਲਦ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸੰਬੰਧੀ ਕੈਬਨਿਟ ਮੰਤਰੀ ਨੇ ਕਿਹਾ ਕਿ ਹਰ ਸਾਲ ਬਰਸਾਤਾਂ ਦੌਰਾਨ ਸਵਾਂ ਨਦੀ ਅਤੇ ਭਾਖੜਾ ਡੈਮ ਵਿਚੋਂ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡੇ ਜਾਣ ਕਾਰਨ ਦਰਜਨਾਂ ਪਿੰਡ ਪ੍ਰਭਾਵਤ ਹੁੰਦੇ ਹਨ, ਜਿਸ ਨਾਲ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ ਅਤੇ ਲੋਕਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ।ਉਹਨਾ ਦੱਸਿਆ ਕਿ ਪਿਛਲੇ ਸਾਲ ਵੀ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਕਈ ਪਿੰਡਾਂ ਵਿੱਚ ਡੰਗੇ ਲਗਾਏ ਗਏ ਸਨ, ਜਿਸ ਨਾਲ ਹੜ੍ਹਾਂ ਕਾਰਨ ਹੋਣ ਵਾਲੇ ਵੱਡੇ ਨੁਕਸਾਨ ਤੋਂ ਕਾਫੀ ਹੱਦ ਤੱਕ ਬਚਾਅ ਰਿਹਾ ਸੀ। ਇਸ ਵਾਰ ਵੀ ਸਮਾਂ ਰਹਿੰਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ, ਤਾਂ ਜੋ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਾਰ ਕੁੱਲ 52 ਕਰੋੜ ਰੁਪਏ ਦੀ ਲਾਗਤ ਨਾਲ ਡੰਗਿਆਂ ਦੇ ਵੱਡੇ ਅਤੇ ਇਤਿਹਾਸਿਕ ਪ੍ਰੋਜੈਕਟ ਨੂੰ ਸੁਰੂ ਕਰਨ ਜਾ ਰਹੇ ਜਾ ਰਹੇ ਹਾਂ, ਜਿਸ ਅਧੀਨ 1 ਕਰੋੜ ਰੁਪਏ ਦੀ ਲਾਗਤ ਨਾਲ ਦਸਗਰਾਈਂ ਅਤੇ ਮਹੈਣ ਪਿੰਡ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਹਰਸਾਬੇਲਾ ਵਿੱਚ 2200 ਫੁੱਟ ਲੰਮਾ ਡੰਗਾ, ਮਹਿੰਦਲੀ ਕਲਾਂ ਵਿੱਚ ਪੋਣੇ 9 ਕਰੋੜ ਰੁਪਏ ਦੀ ਲਾਗਤ ਨਾਲ 1800 ਫੁੱਟ ਲੰਮਾ ਡੰਗਾ, ਅਗੰਮਪੁਰ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ 3200 ਫੁੱਟ ਲੰਮਾ ਡੰਗਾ, ਪਿੰਡ ਬੁਰਜ ਵਿੱਚ 7 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਮਾ ਡੰਗਾ, ਪਿੰਡ ਅਜੋਲੀ ਵਿੱਚ 3.5 ਕਰੋੜ ਰੁਪਏ ਦੀ ਲਾਗਤ ਨਾਲ 750 ਫੁੱਟ ਲੰਮਾ ਡੰਗਾ ਅਤੇ ਪਿੰਡ ਲੋਧੀਪੁਰ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ 2000 ਫੁੱਟ ਲੰਮਾ ਡੰਗਾ ਤਿਆਰ ਕੀਤਾ ਜਾਵੇਗਾ। ਇਹ ਸਾਰੇ ਪ੍ਰੋਜੈਕਟ ਪੂਰੇ ਹੋਣ ਉਪਰੰਤ ਹਲਕੇ ਵਿੱਚ ਡੰਗੇ ਲਗਾਉਣ ਦਾ ਕੰਮ ਕੁੱਲ 82 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਜਾਵੇਗਾ।