ਸਪੀਕਰ ਬਿਰਲਾ ਵਿਰੁੱਧ ਬੇਭਰੋਸਗੀ ਮਤੇ ਦੇ ਨੋਟਿਸ ’ਤੇ 9 ਮਾਰਚ ਨੂੰ ਹੋਵੇਗੀ ਵੋਟਿੰਗ

0
13

ਤਵਾਂਗ (ਅਰੁਣਾਚਲ ਪ੍ਰਦੇਸ਼)
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਐਤਵਾਰ ਨੂੰ ਦੱਸਿਆ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਲਈ ਵਿਰੋਧੀ ਧਿਰ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਦੇ ਨੋਟਿਸ ’ਤੇ ਚਰਚਾ ਅਤੇ ਵੋਟਿੰਗ 9 ਮਾਰਚ ਨੂੰ ਹੋਵੇਗੀ| ਰਿਜਿਜੂ ਨੇ ਦੱਸਿਆ ਕਿ ਬਜਟ ਸੈਸ਼ਨ ਦਾ ਦੂਜਾ ਪੜਾਅ 9 ਮਾਰਚ ਤੋਂ ਸ਼ੁਰੂ ਹੋ ਕੇ 2 ਅਪਰੈਲ ਤੱਕ ਚੱਲੇਗਾ| ਨਿਯਮਾਂ ਅਨੁਸਾਰ ਅਜਿਹੇ ਮਤੇ ’ਤੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਚਰਚਾ ਕੀਤੀ ਜਾਂਦੀ ਹੈ| ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਵਿਰੋਧੀ ਧਿਰ ਪਹਿਲੇ ਪੜਾਅ ਵਾਂਗ ਹੰਗਾਮਾ ਜਾਰੀ ਰੱਖਦੀ ਹੈ ਤਾਂ ਇਹ ਖੁਦ ਉਨ੍ਹਾਂ ਲਈ ਨੁਕਸਾਨਦੇਹ ਹੋਵੇਗਾ, ਕਿਉਂਕਿ ਸਰਕਾਰ ਬਿਨਾਂ ਚਰਚਾ ਦੇ ਹੀ ਅਹਿਮ ਬਿੱਲ ਪਾਸ ਕਰਵਾ ਲਵੇਗੀ| ਰਿਜਿਜੂ ਅਨੁਸਾਰ ਸੈਸ਼ਨ ਦਾ ਦੂਜਾ ਪੜਾਅ ਬਹੁਤ ਦਿਲਚਸਪ ਰਹਿਣ ਵਾਲਾ ਹੈ ਕਿਉਂਕਿ ਸਰਕਾਰ ਕੁਝ ਬਹੁਤ ਹੀ ਮਹੱਤਵਪੂਰਨ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਬਿੱਲ ਬੇਹੱਦ ਖਾਸ ਹੈ| ਹਾਲਾਂਕਿ ਉਨ੍ਹਾਂ ਨੇ ਹਾਲੇ ਉਸ ਵਿਸ਼ੇਸ਼ ਬਿੱਲ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ| ਸਰਕਾਰ ਨੇ ਲੋਕ ਸਭਾ ਵਿੱਚ 5 ਮੰਤਰਾਲਿਆਂ ਅਤੇ ਰਾਜ ਸਭਾ ਵਿੱਚ 5 ਹੋਰ ਮੰਤਰਾਲਿਆਂ ਦੇ ਕੰਮਕਾਜ ਅਤੇ ਗ੍ਰਾਂਟਾਂ ਦੀਆਂ ਮੰਗਾਂ ’ਤੇ ਚਰਚਾ ਕਰਨ ਦੀ ਰਣਨੀਤੀ ਬਣਾਈ ਹੈ|