ਚੰਡੀਗੜ੍ਹ : ਮੋਗਾ ਜ਼ਿਲ੍ਹੇ ਵਿੱਚ 10 ਫਰਵਰੀ ਨੂੰ ਪਰਵਾਸੀ ਮਜ਼ਦੂਰਾਂ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਪੁਲਸ ਨੂੰ ਐਤਵਾਰ ਨੂੰ ਸਫਲਤਾ ਮਿਲੀ ਹੈ| ਪੁਲਸ ਨੇ ਪਿੰਡ ਘੱਲ ਕਲਾਂ ਨੇੜੇ ਹੋਏ ਮੁਕਾਬਲੇ ਦੌਰਾਨ ਦੋ ਮੁਲਜ਼ਮਾਂ ਜੋਬਨਪ੍ਰੀਤ ਅਤੇ ਅਕਾਸ਼ਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਇਸ ਦੌਰਾਨ ਜੋਬਨਪ੍ਰੀਤ ਦੀ ਲੱਤ ਵਿੱਚ ਗੋਲੀ ਲੱਗੀ ਹੈ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਦੋ ਹਥਿਆਰ ਵੀ ਬਰਾਮਦ ਕੀਤੇ ਹਨ| ਮੋਗਾ ਦੇ ਐੱਸ.ਐੱਸ.ਪੀ. ਅਜੈ ਗਾਂਧੀ ਨੇ ਦੱਸਿਆ ਕਿ ਪੁਲਸ ਨੂੰ ਮੁਲਜ਼ਮਾਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ ਸੀ| ਜਦੋਂ ਪੁਲਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਪੁਲਸ ਟੀਮ ’ਤੇ 4-5 ਰਾਊਂਡ ਫਾਇਰ ਕੀਤੇ| ਪੁਲਸ ਦੀ ਜਵਾਬੀ ਕਾਰਵਾਈ ਵਿੱਚ ਜੋਬਨਪ੍ਰੀਤ ਜ਼ਖਮੀ ਹੋ ਗਿਆ, ਜਦ ਕਿ ਉਸ ਦੇ ਸਾਥੀ ਅਕਾਸ਼ਦੀਪ ਨੂੰ ਭੱਜਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕਰ ਲਿਆ ਗਿਆ| ਪੁਲਸ ਮੁਤਾਬਕ ਮਜ਼ਦੂਰਾਂ ’ਤੇ ਹਮਲਾ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਦੇ ਨਿਰਦੇਸ਼ਾਂ ’ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ|



