ਪਿਓ ਨੇ ਇਕ ਲੱਖ ’ਚ ਵੇਚ ਦਿਤਾ ਢਾਈ ਸਾਲਾ ਪੁੱਤ

0
11

ਬਾਲਾਸੌਰ : ਓੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿਚ ਇੱਕ ਪਿਤਾ ਨੇ ਆਪਣੇ ਢਾਈ ਸਾਲਾ ਪੁੱਤਰ ਨੂੰ ਇੱਕ ਲੱਖ ਰੁਪਏ ਵਿੱਚ ਵੇਚ ਦਿੱਤਾ| ਪੁਲਸ ਨੇ ਬੱਚੇ ਨੂੰ ਬਰਾਮਦ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਬੱਚੇ ਨੂੰ ਵੇਚਣ ਵਾਲੇ ਪਿਤਾ ਅਤੇ ਖਰੀਦਦਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ| ਇਹ ਸਾਰਾ ਮਾਮਲਾ ਨੀਲਗਿਰੀ ਇਲਾਕੇ ਦੇ ਬਾਰੀਸਾਹੀ ਪਿੰਡ ਦਾ ਹੈ ਅਤੇ ਇਸ ਦਾ ਖੁਲਾਸਾ ਉਦੋਂ ਹੋਇਆ, ਜਦੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਪਿਤਾ ਬੱਚੇ ਦੀ ਕੀਮਤ ਨੂੰ ਲੈ ਕੇ ਸੌਦੇਬਾਜ਼ੀ ਕਰਦਾ ਨਜ਼ਰ ਆ ਰਿਹਾ ਸੀ| ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਸਥਾਨਕ ਸਮਾਜ ਸੇਵੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਚਿਮਨੀਭਾਟੀ ਇਲਾਕੇ ਤੋਂ ਬੱਚੇ ਨੂੰ ਬਰਾਮਦ ਕਰਕੇ ਚਾਈਲਡ ਵੈੱਲਫੇਅਰ ਕਮੇਟੀ ਦੇ ਹਵਾਲੇ ਕਰ ਦਿੱਤਾ| ਪੁਲਸ ਅਧਿਕਾਰੀਆਂ ਅਨੁਸਾਰ ਬੱਚੇ ਦੇ ਪਿਤਾ ਦੀ ਪਛਾਣ ਰਾਕੇਸ਼ ਕੁਮਾਰ ਬੇਹਰਾ ਵਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਮਿਸਤਰੀ ਹੈ| ਰਾਕੇਸ਼ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ ਅਤੇ ਘਰ ਦੀ ਮਾੜੀ ਆਰਥਿਕ ਹਾਲਤ ਕਾਰਨ ਉਹ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ| ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਨੇ ਦੋ ਵਿਆਹ ਕੀਤੇ ਸਨ ਅਤੇ ਜਿਸ ਬੱਚੇ ਨੂੰ ਉਸ ਨੇ ਵੇਚਿਆ, ਉਹ ਉਸ ਦੀ ਦੂਜੀ ਪਤਨੀ ਦਾ ਸੀ, ਜੋ ਉਸ ਤੋਂ ਵੱਖ ਰਹਿ ਰਹੀ ਸੀ|