ਰਾਹੁਲ ਦੇ ਮੋਦੀ ਨੂੰ ਪੰਜ ਸਵਾਲ

0
6

ਅਮਰੀਕਾ ਨਾਲ ਵਪਾਰ ਸਮਝੌਤੇ ‘ਚ ਕਿਸਾਨਾਂ ਨਾਲ ਵਿਸਾਹਘਾਤ ਦਾ ਦੋਸ਼
ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਐਤਵਾਰ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜ ਸਵਾਲ ਕੀਤੇ। ਉਨ੍ਹਾ ਦੋਸ਼ ਲਾਇਆ ਕਿ ਸਮਝੌਤੇ ਦੇ ਨਾਂਅ ‘ਤੇ ਭਾਰਤੀ ਕਿਸਾਨਾਂ ਨਾਲ ਵਿਸਾਹਘਾਤ ਹੋ ਰਿਹਾ ਹੈ। ਇਹ ਮੁੱਦਾ ਦੇਸ਼ ਦੀ ਖੇਤੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।  ਉਨ੍ਹਾ ਮੋਦੀ ਨੂੰ ਸਵਾਲ ਕਰਦਿਆਂ ਲਿਖਿਆ ਕਿ ਕਿਸਾਨਾਂ ਨੂੰ ਜਵਾਬ ਤਾਂ ਮਿਲਣੇ ਹੀ ਚਾਹੀਦੇ ਹਨ। ਇਹ ਸਿਰਫ ਅੱਜ ਦੀ ਗੱਲ ਨਹੀਂ, ਇਹ ਭਵਿੱਖ ਦੀ ਗੱਲ ਹੈ। ਕੀ ਅਸੀਂ ਕਿਸੇ ਦੂਜੇ ਦੇਸ਼ ਨੂੰ ਭਾਰਤ ਦੇ ਖੇਤੀ ਉਦਯੋਗ ‘ਤੇ ਲੰਮੇ ਸਮੇਂ ਦੀ ਪਕੜ ਬਣਾਉਣ ਦੇ ਰਹੇ ਹਾਂ?  ਰਾਹੁਲ ਨੇ ਐੱਕਸ ‘ਤੇ ਜਿਹੜੇ ਪੰਜ ਸਵਾਲ ਪੋਸਟ ਕੀਤੇ ਹਨ, ਉਨ੍ਹਾਂ ਵਿੱਚ ਪਹਿਲਾ ਹੈ : ਡ੍ਰਾਈਡ ਡਿਸਟਿਲਰਜ਼ ਗ੍ਰੇਨਜ਼ (ਡੀ ਡੀ ਜੀ) ਦਰਾਮਦ ਕਰਨ ਦਾ ਕੀ ਮਤਲਬ ਹੈ? ਕੀ ਇਸ ਦਾ ਮਤਲਬ ਇਹ ਹੈ ਕਿ ਭਾਰਤੀ ਜਾਨਵਰਾਂ ਨੂੰ ਜੀ ਐੱਮ ਅਮਰੀਕੀ ਮੱਕੇ ਨਾਲ ਬਣੇ ਡਿਸਟਿਲਰ ਅਨਾਜ (ਚਾਰਾ) ਖੁਆਏ ਜਾਣਗੇ? ਕੀ ਇਸ ਨਾਲ ਸਾਡੇ ਡੇਅਰੀ ਪ੍ਰੋਡਕਟ ਪ੍ਰਭਾਵੀ ਤੌਰ ‘ਤੇ ਅਮਰੀਕੀ ਖੇਤੀ ਉਦਯੋਗ ‘ਤੇ ਨਿਰਭਰ ਨਹੀਂ ਹੋ ਜਾਣਗੇ? ਦੂਜਾ ਸਵਾਲ, ਜੇ ਅਸੀਂ ਜੀ ਐੱਮ ਸੋਇਆ ਤੇਲ ਦੀ ਦਰਾਮਦ ਦੀ ਆਗਿਆ ਦਿੰਦੇ ਹਾਂ ਤਾਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਤੇ ਦੇਸ਼ ਭਰ ਦੇ ਸਾਡੇ ਸੋਇਆ ਕਿਸਾਨਾਂ ਦਾ ਕੀ ਹੋਵੇਗਾ? ਉਹ ਇੱਕ ਹੋਰ ਕੀਮਤਾਂ ਦਾ ਝਟਕਾ ਕਿਵੇਂ ਝੱਲ ਸਕਣਗੇ? ਤੀਜਾ ਸਵਾਲ, ਜਦ ਤੁਸੀਂ ਵਾਧੂ ਉਤਪਾਦ ਕਹਿੰਦੇ ਹੋ ਤਾਂ ਉਸ ਵਿੱਚ ਕੀ-ਕੀ ਸ਼ਾਮਲ ਹੈ? ਕੀ ਇਹ ਸਮੇਂ ਦੇ ਨਾਲ ਦਾਲ ਤੇ ਹੋਰ ਫਸਲਾਂ ਦੀ ਦਰਾਮਦ ਖੋਲ੍ਹਣ ਦੇ ਦਬਾਅ ਦਾ ਸੰਕੇਤ ਹੈ? ਚੌਥਾ ਸਵਾਲ, ਗੈਰ-ਵਪਾਰ ਅੜਿੱਕੇ ਹਟਾਉਣ ਦਾ ਕੀ ਮਤਲਬ ਹੈ? ਕੀ ਭਵਿੱਖ ਵਿੱਚ ਭਾਰਤ ‘ਤੇ ਜੀ ਐੱਮ ਫਸਲਾਂ ਬਾਰੇ ਆਪਣੇ ਰੁਖ਼ ਨੂੰ ਢਿੱਲਾ ਕਰਨ, ਖਰੀਦ ਨੂੰ ਕਮਜ਼ੋਰ ਕਰਨ ਜਾਂ ਐੱਮ ਐੱਸ ਪੀ ਤੇ ਬੋਨਸ ਨੂੰ ਘੱਟ ਕਰਨ ਦਾ ਦਬਾਅ ਪਾਇਆ ਜਾਵੇਗਾ? ਪੰਜਵਾਂ ਸਵਾਲ, ਇੱਕ ਵਾਰ ਇਹ ਦਰਵਾਜ਼ਾ ਖੁੱਲ੍ਹ ਗਿਆ ਤਾਂ ਹਰ ਸਾਲ ਇਸ ਨੂੰ ਹੋਰ ਜ਼ਿਆਦਾ ਖੋਲ੍ਹਣ ਤੋਂ ਅਸੀਂ ਕਿਵੇਂ ਰੋਕਾਂਗੇ? ਕੀ ਇਸ ਦੀ ਰੋਕਥਾਮ ਹੋਵੇਗੀ ਜਾਂ ਹਰ ਵਾਰ ਸੌਦੇ ਵਿੱਚ ਹੌਲੀ-ਹੌਲੀ ਹੋਰ ਵੀ ਫਸਲਾਂ ਨੂੰ ਮੇਜ਼ ‘ਤੇ ਰੱਖ ਦਿੱਤਾ ਜਾਵੇਗਾ?