ਮੋਦੀ ਸਰਕਾਰ ਨੇ ਕਿਹਾ ਹੈ ਕਿ ਰਾਸ਼ਟਰਗਾਨ ‘ਜਨ ਗਣ ਮਨ’ ਗਾਉਣ ਤੋਂ ਪਹਿਲਾਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਪੂਰੇ ਛੇ ਛੰਦਾਂ ਦੇ ਨਾਲ ਗਾਉਣਾ ਹੋਵੇਗਾ, ਪਰ ਕਿਉਂ? ਦਰਅਸਲ ਮੋਦੀ ਸਰਕਾਰ ਰਾਸ਼ਟਰਗਾਨ ਨੂੰ ਦੂਜੇ ਨੰਬਰ ‘ਤੇ ਲਿਆਉਣਾ ਚਾਹੁੰਦੀ ਹੈ। ਭਾਰਤ ਦੇ ਗੌਰਵ ਰਵਿੰਦਰ ਨਾਥ ਟੈਗੋਰ ਵੱਲੋਂ ਰਚਿਤ ‘ਜਨ ਗਣ ਮਨ’ ਤੋਂ ਆਖਰ ਕੇਹਾ ਡਰ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਗੁਪਤ ਆਦੇਸ਼ ਰਾਹੀਂ ‘ਨਿਯਮਾਂ’ ਵਿੱਚ ਬਦਲਾਅ ਕਰਕੇ ਇਸ ਦੇ ਮਹੱਤਵ ਨੂੰ ਘੱਟ ਕੀਤਾ ਜਾ ਰਿਹਾ ਹੈ? ਇਹ ਦਾਅਵਾ ਕਰਨਾ ਕਿ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਦਰਜਾ ਵਧਾਇਆ ਜਾ ਰਿਹਾ ਹੈ, ਅਸਲ ਵਿੱਚ ਰਾਸ਼ਟਰਗਾਨ ਨੂੰ ਨੀਵਾਂ ਦਿਖਾਉਣ ਦਾ ਇੱਕ ਤਰੀਕਾ ਹੈ।
ਚੇਤੇ ਰਹੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਈ ਸਾਂਸਦਾਂ ਤੇ ਮੰਤਰੀਆਂ ਨੇ ‘400 ਪਾਰ’ ਦਾ ਨਾਅਰਾ ਇਹ ਕਹਿੰਦਿਆਂ ਦਿੱਤਾ ਸੀ ਕਿ ਇਸ ਨਾਲ ਉਹ ਸੰਵਿਧਾਨ ਵਿੱਚ ਸੋਧ ਕਰ ਸਕਣਗੇ। ਮੱਧ ਪ੍ਰਦੇਸ਼ ਦੇ ਧਾਰ ਵਿੱਚ ਤਾਂ ਮੋਦੀ ਨੇ ਖੁਦ ਕਿਹਾ ਸੀ ਕਿ ਮੋਦੀ ਨੂੰ 400 ਸੀਟਾਂ ਇਸ ਲਈ ਚਾਹੀਦੀਆਂ ਹਨ ਕਿ ਕਾਂਗਰਸ ਅਯੁੱਧਿਆ ਦੇ ਰਾਮ ਮੰਦਰ ‘ਤੇ ਬਾਬਰੀ ਤਾਲਾ ਨਾ ਲਾ ਦੇਵੇ ਜਾਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਵਾਪਸ ਲਿਆਉਣ ਦੀ ਆਪਣੀ ਯੋਜਨਾ ਵਿੱਚ ਸਫਲ ਨਾ ਹੋ ਸਕੇ।
ਭਾਜਪਾ ਨੇ ਨਵੀਂ ਸਿੱਖਿਆ ਨੀਤੀ-2020 ਤਹਿਤ ਹਿੰਦੀ ਨੂੰ ਮੜ੍ਹਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਪਰ ਰਾਸ਼ਟਰਗਾਨ ਦਾ ਹਿੰਦੀ ਜਾਂ ਸੰਸਕ੍ਰਿਤ ਵਿੱਚ ਨਾ ਹੋਣਾ ਉਸ ਲਈ ਮੁਸ਼ਕਲ ਖੜ੍ਹੀ ਕਰਦਾ ਹੈ, ਕਿਉਂਕਿ ਇਹ ਬੰਗਲਾ ਵਿੱਚ ਹੈ। ਇਹ ਗੱਲ ਭਾਜਪਾ ਨੂੰ ਪ੍ਰੇਸ਼ਾਨ ਕਰਦੀ ਹੈ, ਕਿਉਂਕਿ ਅੱਜ ਦੀ ਤਰੀਕ ਵਿੱਚ ਜਦ ਉਸ ਵੱਲੋਂ ਦੇਸ਼ ਵਿੱਚੋਂ ‘ਘੁਸਪੈਠੀਆਂ’ ਨੂੰ ਕੱਢਣ ਵਾਲੀ ਬਿਆਨਬਾਜ਼ੀ ਦੇ ਨਾਲ ‘ਨਾਜਾਇਜ਼ ਪ੍ਰਵਾਸੀਆਂ’ ਤੋਂ ਦੇਸ਼ ਨੂੰ ਮੁਕਤ ਕਰਨ ਦੇ ਸੱਦੇ ਦਿੱਤੇ ਜਾ ਰਹੇ ਹਨ ਅਤੇ ਨਿਸ਼ਾਨੇ ‘ਤੇ ਬੰਗਲਾਭਾਸ਼ੀ ਹਨ, ਅਜਿਹੇ ਵਿੱਚ ਰਾਸ਼ਟਰਗਾਨ ਨੂੰ ਸਿੱਧੇ ਤੌਰ ‘ਤੇ ਹਟਾਉਣਾ ਮੁਸ਼ਕਲ ਹੋ ਸਕਦਾ ਹੈ, ਇਸ ਲਈ ਵੰਦੇ ਮਾਤਰਮ ਨੂੰ ਤਰਜੀਹ ਦੇਣਾ, ਜਿੱਥੇ ਤੀਜੇ ਛੰਦ ਦੇ ਬਾਅਦ ਦਾ ਸੰਦਰਭ ਭਾਰਤ ਦੇ ‘ਮੁਸਲਮਾਨਾਂ ਨਾਲ ਲੜਨ’ ਦੀ ਗੱਲ ਕਹਿੰਦਾ ਹੈ, ਭਾਜਪਾ ਲਈ ਆਦਰਸ਼ ਵਿਕਲਪ ਹੈ। ਗੀਤ ਦੇ ਵਿਵਾਦਤ ਛੰਦਾਂ ਨੂੰ ਸ਼ਾਮਲ ਕਰਕੇ ਰਾਸ਼ਟਰਗਾਨ ਤੋਂ ਪਹਿਲਾਂ ‘ਹਿੰਦੂ ਬਨਾਮ ਮੁਸਲਮਾਨ’ ਦੀ ਧੁਨ ਛੇੜਨਾ ਫਿਲਹਾਲ ਉਸ ਲਈ ਇੱਕ ਦੂਹਰੇ ਫਾਇਦੇ ਵਾਲੀ ਸਥਿਤੀ ਹੈ।
ਜਨ ਗਣ ਮਨ ਦੀ ਰਚਨਾ ਅਜਿਹੇ ਪ੍ਰਸਿੱਧ ‘ਕੌਮਾਂਤਰੀਵਾਦੀ’ ਨੇ ਕੀਤੀ ਸੀ, ਜੋ 1930 ਦੇ ਦਹਾਕੇ ਦੇ ਨਾਜ਼ੀਵਾਦ ਤੇ ਇਤਾਲਵੀ ਫਾਸ਼ੀਵਾਦ ਪ੍ਰਤੀ ਆਪਣੀ ਸਪੱਸ਼ਟ ਨਫਰਤ ਜ਼ਾਹਰ ਕਰ ਚੁੱਕੇ ਸਨ। ਇਨ੍ਹਾਂ ਹੀ ਵਿਚਾਰਧਾਰਾਵਾਂ ਨੇ ਹਿੰਦੂਤਵਵਾਦੀਆਂ ਨੂੰ ਪ੍ਰੇਰਤ ਕੀਤਾ ਸੀ ਅਤੇ ਖੁਦ ਆਰ ਐੱਸ ਐੱਸ ਦੇ ਬਾਨੀਆਂ—ਐੱਮ ਐੱਸ ਗੋਲਵਲਕਰ ਤੇ ਹੈਡਗੇਵਾਰ ਦੇ ਸ਼ਬਦਾਂ ਵਿੱਚ ਇਹ ਸੰਘ ਦੇ ਗਠਨ ਲਈ ਵੱਡੀ ਪ੍ਰੇਰਨਾ ਸਨ। ਰਾਸ਼ਟਰਗਾਨ ਨੂੰ ਉਸ ਦੇ ਉੱਚੇ ਦਰਜੇ ਤੋਂ ਹਟਾਉਣਾ ਸੰਘ ਨੂੰ ਕੌਮੀ ਅੰਦੋਲਨ ਨਾਲ ਜੁੜੇ ਟੈਗੋਰ ਦੇ ਵਿਚਾਰਾਂ ਤੇ ਦਰਸ਼ਨ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰਨ ਵਿੱਚ ਮਦਦ ਕਰੇਗਾ। ਰਾਸ਼ਟਰਗਾਨ ਦਾ ਕਿਸੇ ਪ੍ਰਤੀ ਦੁਸ਼ਮਣੀ ਨਾ ਰੱਖਣਾ ਅਤੇ ਸਾਂਝੇ ਤੇ ਸਾਕਾਰਾਤਮਕ ਰਾਸ਼ਟਰਵਾਦ ਦੀ ਭਾਵਨਾ ਨਾਲ ਓਤ-ਪ੍ਰੋਤ ਹੋਣਾ ਹਿੰਦੂਤਵ ਦੀ ਤੰਗਨਜ਼ਰੀ ਦੇ ਵਿਰੁੱਧ ਹੈ। ਇੰਜ ਲੱਗਦਾ ਹੈ ਕਿ ਹੁਣ ਰਾਸ਼ਟਰਗਾਨ ਨੂੰ ਅਪਮਾਨਤ ਕਰਨ ਦੀ ਵਾਰੀ ਹੈ ਅਤੇ ਉਹ ਵੀ ਰਾਸ਼ਟਰੀ ਗੀਤ ਦੇ ਛੁੱਟੇ ਹੋਏ ਛੰਦਾਂ ਪ੍ਰਤੀ ‘ਜ਼ਿਆਦਾ ਸਨਮਾਨ’ ਦਿਖਾਉਣ ਦੇ ਬਹਾਨੇ।



