ਉਜਾੜ ’ਚ ਸੁੱਟੀ ਲਾਸ਼ ਦੇ ਮਾਮਲੇ ’ਚ 3 ਫੜੇ

0
13

ਰਾਏਕੋਟ : ਇੱਥੋਂ ਦੀ ਪੁਲਸ ਨੇ ਸੋਮਵਾਰ ਵਾਪਰੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਿਸ ਵਿੱਚ ਸ਼ਾਹਬਾਜ਼ ਪਿੰਡ ਦੇ ਬਾਹਰਵਾਰ ਇੱਕ ਉਜਾੜ ਵਾਲੀ ਥਾਂ ’ਤੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਸੁੱਟੀ ਗਈ ਸੀ। ਪੁਲਸ ਨੇ ਮੰਗਲਵਾਰ ਸ਼ਾਮ ਨੂੰ ਮਿ੍ਰਤਕ ਅਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਅਤੇ ਮੁਲਜ਼ਮਾਂ ਨੂੰ ਨਵਾਂਸ਼ਹਿਰ ਤੋਂ ਗਿ੍ਰਫਤਾਰ ਕਰ ਲਿਆ। ਮਿ੍ਰਤਕ ਦੀ ਪਛਾਣ ਡੀ ਰਾਜ ਥਾਪਾ ਵਜੋਂ ਹੋਈ ਹੈ, ਜਦਕਿ ਮੁਲਜ਼ਮਾਂ ਦੀ ਪਛਾਣ ਨਵਾਂਸ਼ਹਿਰ ਦੇ ਸੁਰਿੰਦਰ ਪਾਲ ਸਿੰਘ, ਉਸ ਦੀ ਪਤਨੀ ਸੁਰਜੀਤ ਕੌਰ ਅਤੇ ਭਤੀਜੇ ਯੁੱਧਵੀਰ ਸਿੰਘ ਵਜੋਂ ਹੋਈ ਹੈ। ਐੱਸ ਐੱਸ ਪੀ ਲੁਧਿਆਣਾ (ਦਿਹਾਤੀ) ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਸੋਮਵਾਰ ਨੂੰ ਸ਼ਾਹਬਾਜ਼ ਪਿੰਡ ਦੇ ਬਾਹਰਵਾਰ ਇੱਕ ਉਜਾੜ ਵਾਲੀ ਥਾਂ ’ਤੇ ਇੱਕ ਵੇਟਰ ਵਜੋਂ ਕੰਮ ਕਰਨ ਵਾਲੇ ਨੇਪਾਲੀ ਨਾਗਰਿਕ ਦੀ ਲਾਸ਼ ਸੁੱਟੀ ਸੀ।
ਗੁਪਤਾ ਨੇ ਦੱਸਿਆ ਕਿ ਇਲਾਕੇ ਵਿੱਚ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਦੌਰਾਨ ਇੱਕ ਕਾਰ ਸ਼ੱਕੀ ਹਾਲਾਤ ਵਿੱਚ ਘੁੰਮਦੀ ਨਜ਼ਰ ਆਈ, ਜਿਸ ਕਾਰਨ ਨਵਾਂਸ਼ਹਿਰ ਤੋਂ ਸ਼ੱਕੀਆਂ ਦੀ ਪਛਾਣ ਅਤੇ ਗਿ੍ਰਫਤਾਰੀ ਹੋ ਸਕੀ।ਹਾਲਾਂਕਿ ਸ਼ੱਕੀਆਂ ਨੇ ਲਾਸ਼ ਸੁੱਟਣ ਦੀ ਗੱਲ ਕਬੂਲ ਕਰ ਲਈ ਹੈ, ਪਰ ਪੁਲਸ ਨੇ ਅਜੇ ਉਨ੍ਹਾਂ ਵੱਲੋਂ ਸੁਣਾਈ ਗਈ ਕਹਾਣੀ ਦੀ ਸੱਚਾਈ ਦੀ ਪੁਸ਼ਟੀ ਕਰਨੀ ਹੈ। ਸੁਰਿੰਦਰ ਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪੀੜਤ ਉਸ ਦੀ ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋ ਗਿਆ ਸੀ ਅਤੇ ਇੱਕ ਨਿੱਜੀ ਕਲੀਨਿਕ ਤੋਂ ਕਿਸੇ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ ਸੀ। ਪੁਲਸ ਕਾਰਵਾਈ ਤੋਂ ਬਚਣ ਦੇ ਇਰਾਦੇ ਨਾਲ ਲਾਸ਼ ਨੂੰ ਉੱਥੇ ਸੁੱਟ ਦਿੱਤਾ ਸੀ। ਐੱਸ ਐੱਚ ਓ ਜੋਧਾਂ ਸਾਹਿਬ ਮੀਤ ਸਿੰਘ ਨੇ ਕਿਹਾ ਕਿ ਮੌਤ ਦੇ ਅਸਲ ਕਾਰਨ ਅਤੇ ਸ਼ੱਕੀਆਂ ਵੱਲੋਂ ਸੁਣਾਈ ਗਈ ਕਹਾਣੀ ਦੀ ਸੱਚਾਈ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।
ਮਿ੍ਰਤਕ ਅਤੇ ਸ਼ੱਕੀਆਂ ਦੀ ਪਛਾਣ ਕਰਨਾ ਚੁਣੌਤੀਪੂਰਨ ਕੰਮ ਸੀ ਕਿਉਂਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਲਾਸ਼ ਸੁੱਟਣ ਤੋਂ ਪਹਿਲਾਂ ਮਿ੍ਰਤਕ ਦੀਆਂ ਜੇਬਾਂ ਵਿੱਚੋਂ ਉਸ ਦੇ ਪਛਾਣ ਪੱਤਰ ਕੱਢ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ।