ਸ਼ਿਮਲਾ : ਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਬਰਫਬਾਰੀ ਅਤੇ ਹੇਠਲੇ ਖੇਤਰਾਂ ਵਿੱਚ ਠੰਢੀਆਂ ਹਵਾਵਾਂ ਦੇ ਨਾਲ ਬੱਦਲਵਾਈ ਹੋਣ ਕਾਰਨ ਮੌਸਮ ਠੰਢਾ ਹੋ ਗਿਆ। ਕਬਾਇਲੀ ਅਤੇ ਉੱਚੇ ਪਹਾੜੀ ਖੇਤਰਾਂ ਵਿੱਚ ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਹਲਕੀ ਬਰਫਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਬੁੱਧਵਾਰ ਦੁਪਹਿਰ ਤੋਂ ਬਾਅਦ ਅਟਲ ਟਨਲ ਰੋਹਤਾਂਗ ਦੇ ਸਿਰੇ ’ਤੇ ਵੀ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ, ਜਿਸ ਨੂੰ ਦੇਖ ਕੇ ਸੈਲਾਨੀ ਖੁਸ਼ੀ ਵਿੱਚ ਝੂਮ ਉੱਠੇ। ਰਾਜਧਾਨੀ ਸ਼ਿਮਲਾ ਸਮੇਤ ਕਈ ਸ਼ਹਿਰਾਂ ਵਿੱਚ ਸਵੇਰ ਤੋਂ ਹੀ ਚੱਲ ਰਹੀਆਂ ਸਰਦ ਹਵਾਵਾਂ ਕਾਰਨ ਲੋਕਾਂ ਨੂੰ ਗਰਮ ਕੱਪੜਿਆਂ ਅਤੇ ਹੀਟਰਾਂ ਦਾ ਸਹਾਰਾ ਲੈਣਾ ਪਿਆ। ਲਾਹੌਲ-ਸਪੀਤੀ, ਕਿਨੌਰ, ਕੁੱਲੂ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਕਾਰਨ ਸੀਤ ਲਹਿਰ ਵਰਗੇ ਹਾਲਾਤ ਬਣ ਗਏ। ਕਈ ਥਾਵਾਂ ’ਤੇ ਦਿਨ-ਭਰ ਬੱਦਲ ਛਾਏ ਰਹਿਣ ਕਾਰਨ ਧੁੱਪ ਦਾ ਅਸਰ ਬਹੁਤ ਘੱਟ ਰਿਹਾ। ਮੌਸਮ ਵਿਭਾਗ ਦੇ ਅਨੁਸਾਰ 19 ਤੋਂ 22 ਫਰਵਰੀ ਤੱਕ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਉਮੀਦ ਹੈ। 23 ਫਰਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਉਮੀਦ ਹੈ, ਜਿਸ ਨਾਲ ਉੱਚੇ ਖੇਤਰਾਂ ’ਚ ਹਲਕੀ ਬਰਫਬਾਰੀ ਅਤੇ ਬਾਰਿਸ਼ ਹੋ ਸਕਦੀ ਹੈ। ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਉਚਾਈ ਵਾਲੇ ਇਲਾਕਿਆਂ ਵਿੱਚ ਜਾਣ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।




