ਬਠਿੰਡਾ : ਇੱਥੇ ਕੇਂਦਰੀ ਜੇਲ੍ਹ ਵਿੱਚ ਬੰਦ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਦੋ ਮੁੱਖ ਆਗੂਆਂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਜਿਉਂਦ ਦੀ ਜ਼ਮਾਨਤ ਬੁੱਧਵਾਰ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲਾਂਕਿ ਆਗੂਆਂ ਦੀ ਜ਼ਮਾਨਤ ਹੋ ਗਈ ਹੈ ਪਰ ਪੰਜਾਬ-ਭਰ ਵਿੱਚ ਚੱਲ ਰਹੇ ਰੋਸ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਪ੍ਰਦਰਸ਼ਨਾਂ ਦੌਰਾਨ ਗਿ੍ਰਫਤਾਰ ਕੀਤੇ ਗਏ ਤਮਾਮ ਵਰਕਰਾਂ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਐਲਾਨ ਕੀਤਾ ਕਿ ਵੀਰਵਾਰ ਸੂਬੇ ਭਰ ਵਿੱਚ ‘ਜੇਤੂ ਰੈਲੀਆਂ’ ਕੀਤੀਆਂ ਜਾਣਗੀਆਂ। ਪ੍ਰਸ਼ਾਸਨ ਨੇ ਇੱਥੇ ਹੋਣ ਵਾਲੇ ਪ੍ਰਦਰਸ਼ਨ ਨੂੰ ਰੋਕਣ ਲਈ ਮੰਗਲਵਾਰ ਰਾਤ ਤੋਂ ਹੀ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਬਠਿੰਡਾ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਥਾਂ-ਥਾਂ ਬੈਰੀਕੇਡ ਲਗਾ ਕੇ ਰੋਕਿਆ ਗਿਆ, ਜਿਸ ਕਾਰਨ ਕਿਸਾਨਾਂ ਨੇ ਹਾਈਵੇਅ ਅਤੇ ਹੋਰਨਾਂ ਥਾਵਾਂ ’ਤੇ ਹੀ ਧਰਨੇ ਲਗਾ ਦਿੱਤੇ। ਇਸੇ ਦੌਰਾਨ ਦੇਸ਼ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਸਾਨਾਂ ਨਾਲ ਕੀਤੀ ਗਈ ਸਖਤੀ ਦੀ ਸਖਤ ਨਿੰਦਾ ਕਰਦਿਆਂ ਗਿ੍ਰਫਤਾਰ ਮਰਦ ਤੇ ਮਹਿਲਾ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਭਨਾਂ ਜਮਹੂਰੀ ਤੇ ਲੋਕ-ਪੱਖੀ ਤਾਕਤਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ 27 ਫਰਵਰੀ ਨੂੰ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਮੁਹਿੰਮ ਦੇ ਆਗਾਜ਼ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋ ਰਹੀ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਲਈ ਹੁੰਮ-ਹੰੁਮਾਕੇ ਪੁੱਜਣ, ਜਿੱਥੇ ਕਿਸਾਨੀ ਸਣੇ ਸਭ ਸਵਾਲਾਂ ਨੂੰ ਬੱਬਰ ਅਕਾਲੀ ਲਹਿਰ ਦੀ ਪ੍ਰਸੰਗਿਕਤਾ ਨਾਲ ਜੋੜ ਕੇ ਵਿਚਾਰਿਆ ਜਾਵੇਗਾ।


