60 ਸੰਸਦੀ ਦੋਸਤੀ ਗਰੁੱਪ ਕਾਇਮ ਕਰਨ ਦਾ ਐਲਾਨ

0
5

ਨਵੀਂ ਦਿੱਲੀ : ਦੁਨੀਆ ਦੇ 60 ਪ੍ਰਮੁੱਖ ਮੁਲਕਾਂ ਨਾਲ ਭਾਰਤ ਦੇ ਸੰਬੰਧਾਂ ਨੂੰ ਹੋਰ ਪੀਢਾ ਕਰਨ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ 60 ‘ਸੰਸਦੀ ਦੋਸਤੀ ਗਰੁੱਪਾਂ’ ਦਾ ਗਠਨ ਕੀਤਾ ਹੈ। ਹਰੇਕ ਗਰੁੱਪ ਦੀ ਅਗਵਾਈ ਇੱਕ ਸੀਨੀਅਰ ਸੰਸਦ ਮੈਂਬਰ ਨੂੰ ਸੌਂਪੀ ਗਈ ਹੈ। ਲੋਕ ਸਭਾ ਸਕੱਤਰੇਤ ਅਨੁਸਾਰ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਣਾਏ ਗਏ ਇਹ ਗਰੁੱਪ ਵਿਸ਼ਵ ਮੰਚ ’ਤੇ ਭਾਰਤੀ ਲੋਕਤੰਤਰ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਨਗੇ। ਇਨ੍ਹਾਂ ਗਰੁੱਪਾਂ ਦੀ ਕਮਾਨ ਸੰਭਾਲਣ ਵਾਲੇ ਸੀਨੀਅਰ ਆਗੂਆਂ ਵਿੱਚ ਰਵੀ ਸ਼ੰਕਰ ਪ੍ਰਸਾਦ, ਐੱਮ ਥੰਬੀਦੁਰਈ, ਪੀ ਚਿਦੰਬਰਮ, ਰਾਮ ਗੋਪਾਲ ਯਾਦਵ, ਟੀ ਆਰ ਬਾਲੂ, ਕਾਕੋਲੀ ਘੋਸ਼ ਦਸਤੀਦਾਰ, ਗੌਰਵ ਗੋਗੋਈ, ਕਨੀਮੋੜੀ ਕਰੁਣਾਨਿਧੀ, ਮਨੀਸ਼ ਤਿਵਾੜੀ, ਡੈਰੇਕ ਓ’ਬ੍ਰਾਇਨ, ਅਭਿਸ਼ੇਕ ਬੈਨਰਜੀ, ਅਸਦੁਦੀਨ ਓਵੈਸੀ, ਅਖਿਲੇਸ਼ ਯਾਦਵ, ਕੇ ਸੀ ਵੇਣੂਗੋਪਾਲ, ਰਾਜੀਵ ਪ੍ਰਤਾਪ ਰੂਡੀ, ਸੁਪਿ੍ਰਆ ਸੂਲੇ, ਸੰਜੇ ਸਿੰਘ, ਬੈਜਯੰਤ ਪਾਂਡਾ, ਸ਼ਸ਼ੀ ਥਰੂਰ, ਨਿਸ਼ੀਕਾਂਤ ਦੂਬੇ, ਅਨੁਰਾਗ ਸਿੰਘ ਠਾਕੁਰ, ਹੇਮਾ ਮਾਲਿਨੀ, ਬਿਪਲਬ ਕੁਮਾਰ ਦੇਵ ਅਤੇ ਡਾ. ਸੁਧਾਂਸ਼ੂ ਤਿ੍ਰਵੇਦੀ ਸਮੇਤ ਕਈ ਹੋਰ ਪ੍ਰਮੁੱਖ ਚਿਹਰੇ ਸ਼ਾਮਲ ਹਨ।
ਲੋਕ ਸਭਾ ਸਕੱਤਰੇਤ ਨੇ ਇਨ੍ਹਾਂ ਗਰੁੱਪਾਂ ਦੇ ਗਠਨ ਨੂੰ ਵਿਸ਼ਵ ਪੱਧਰ ’ਤੇ ਭਾਰਤ ਦੇ ਅੰਤਰ-ਸੰਸਦੀ ਸੰਪਰਕ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, ‘‘ਇਹ ਕਦਮ ਭਾਰਤੀ ਸੰਸਦ ਵੱਲੋਂ ਵੱਖ-ਵੱਖ ਮਹਾਂਦੀਪਾਂ ਦੇ ਵਿਧਾਨ ਮੰਡਲਾਂ ਨਾਲ ਸੰਵਾਦ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਡੂੰਘਾ ਕਰਨ ਦੀ ਇੱਕ ਸੁਚੇਤ ਕੋਸ਼ਿਸ਼ ਹੈ। ਇਹ ਰਵਾਇਤੀ ਕੂਟਨੀਤੀ ਦੇ ਨਾਲ-ਨਾਲ ਸੰਸਦੀ ਪੱਧਰ ’ਤੇ ਲਗਾਤਾਰ ਤਾਲਮੇਲ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।’’
ਜਿਨ੍ਹਾਂ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਲਈ ਇਹ ਸੰਸਦੀ ਦੋਸਤੀ ਗਰੁੱਪ ਬਣਾਏ ਗਏ ਹਨ, ਉਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਸ੍ਰੀਲੰਕਾ, ਜਰਮਨੀ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਦੱਖਣੀ ਅਫਰੀਕਾ, ਭੂਟਾਨ, ਸਾਊਦੀ ਅਰਬ, ਇਜ਼ਰਾਈਲ, ਮਾਲਦੀਵ, ਅਮਰੀਕਾ, ਰੂਸ, ਯੂਰਪੀਅਨ ਯੂਨੀਅਨ ਪਾਰਲੀਮੈਂਟ, ਦੱਖਣੀ ਕੋਰੀਆ, ਨੇਪਾਲ, ਬਰਤਾਨੀਆ, ਫਰਾਂਸ, ਜਾਪਾਨ, ਇਟਲੀ, ਓਮਾਨ, ਆਸਟਰੇਲੀਆ, ਯੂਨਾਨ, ਸਿੰਗਾਪੁਰ, ਬ੍ਰਾਜ਼ੀਲ, ਵੀਅਤਨਾਮ, ਮੈਕਸੀਕੋ, ਈਰਾਨ ਅਤੇ ਯੂ ਏ ਈ ਸ਼ਾਮਲ ਹਨ।