ਕੋਚੀ : ਕੇਰਲਾ ਹਾਈ ਕੋਰਟ ਨੇ ਮੰਗਲਵਾਰ ਕਿਹਾ ਕਿ ‘ਦੀ ਕੇਰਲਾ ਸਟੋਰੀ 2-ਗੋਜ਼ ਬਿਯੋਂਡ’ ਕੇਰਲਾ ਵਰਗੇ ਰਾਜ, ਜਿੱਥੇ ਹਰ ਕੋਈ ਫਿਰਕੂ ਇਕਸੁਰਤਾ ਨਾਲ ਰਹਿੰਦਾ ਹੈ, ਦੀ ਗਲਤ ਤਸਵੀਰ ਪੇਸ਼ ਕਰਦੀ ਹੈ। ਕੋਰਟ ਨੇ ਇਹ ਵੀ ਕਿਹਾ ਕਿ ਰਾਜ ਦਾ ਨਾਂਅ ਵਰਤਣਾ ਤੇ ਇਹ ਦਾਅਵਾ ਕਰਨਾ ਕਿ ਫਿਲਮ ਸੱਚੇ ਤੱਥਾਂ ’ਤੇ ਅਧਾਰਤ ਹੈ, ਰਾਜ ਵਿੱਚ ਫਿਰਕੂ ਖਿਚਾਅ ਪੈਦਾ ਕਰ ਸਕਦੀ ਹੈ। ਜਸਟਿਸ ਬੇਚੂ ਕੁਰੀਅਨ ਥਾਮਸ ਨੇ ਇਹ ਟਿੱਪਣੀਆਂ ਉਨ੍ਹਾਂ ਤਿੰਨ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਕੀਤੀਆਂ, ਜਿਨ੍ਹਾਂ ਵਿੱਚ ਫਿਲਮ ਦੇ ਪ੍ਰਦਰਸ਼ਨ ਲਈ ਜਾਰੀ ਸਰਟੀਫਿਕੇਟ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਜਦੋਂ ਲੰਚ ਤੋਂ ਬਾਅਦ ਮਾਮਲਾ ਸੁਣਵਾਈ ਹੇਠ ਆਇਆ ਤਾਂ ਕੋਰਟ ਨੂੰ ਦੱਸਿਆ ਗਿਆ ਕਿ ਨਿਰਮਾਤਾ ਫਿਲਮ ਦੇ ਟੀਜ਼ਰ ਵਾਪਸ ਲੈਣ ਦੇ ਇੱਛੁਕ ਹਨ। ਇਸ ਤੋਂ ਬਾਅਦ ਫਾਜ਼ਲ ਜੱਜ ਨੇ ਕਿਹਾ ਕਿ ਉਹ ਬੁੱਧਵਾਰ ਵੀ ਸੁਣਵਾਈ ਕਰਕੇ ਫੈਸਲਾ ਕਰਨਗੇ ਕਿ ਕੀ ਫਿਲਮ ਦੇ 27 ਫਰਵਰੀ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਉਸ ਨੂੰ ਦੇਖਿਆ ਜਾਵੇ ਜਾਂ ਨਾ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਜਸਟਿਸ ਥਾਮਸ ਨੇ ਸੰਕੇਤ ਦਿੱਤਾ ਕਿ ਉਹ ਕੋਈ ਹੁਕਮ ਪਾਸ ਕਰਨ ਤੋਂ ਪਹਿਲਾਂ ਫਿਲਮ ਦੇਖਣੀ ਚਾਹੁੰਣਗੇ। ਉਨ੍ਹਾ ਸੈਂਸਰ ਬੋਰਡ ਨੂੰ ਵੀ ਪੁੱਛਿਆ ਕਿ ਕੀ ਫਿਲਮ ਸਾਰੀਆਂ ਲਾਜ਼ਮੀ ਸੇਧ-ਲੀਹਾਂ ਦੀ ਪਾਲਣਾ ਕਰਦੀ ਹੈ। ਇੱਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਫਿਲਮ ਦੇ ਟੀਜ਼ਰ ਤੇ ਟਰੇਲਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਵਿੱਚ ਕਈ ਰਾਜਾਂ ਦੀਆਂ ਮਹਿਲਾਵਾਂ ਦਿਖਾਈਆਂ ਗਈਆਂ ਹਨ ਤੇ ਫਿਲਮ ਦਾ ਨਾਂਅ ‘ਕੇਰਲਾ ਸਟੋਰੀ’ ਰੱਖਿਆ ਗਿਆ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਇਨ੍ਹਾਂ ਮਹਿਲਾਵਾਂ ਦੇ ਧਰਮ ਬਦਲਵਾ ਕੇ ਉਨ੍ਹਾਂ ਨੂੰ ਦਹਿਸ਼ਤਗਰਦ ਬਣਾਇਆ ਗਿਆ ਹੈ ਤੇ ਇਹ ਸਾਜ਼ਿਸ਼ ਕੇਰਲਾ ਸਿਰ ਮੜ੍ਹੀ ਗਈ ਹੈ। ਇਸ ਨਾਲ ਪੂਰੇ ਕੇਰਲਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਫਿਰਕੂ ਖਿਚਾਅ ਪੈਦਾ ਹੋ ਸਕਦਾ ਹੈ। ਇਸੇ ਦੌਰਾਨ ਉੱਘੇ ਫਿਲਮਸਾਜ਼ ਅਨੁਰਾਗ ਕਸ਼ਯਪ ਨੇ ਫਿਲਮ ‘ਦੀ ਕੇਰਲਾ ਸਟੋਰੀ 2 : ਗੋਜ਼ ਬਿਯੋਂਡ’ ਨੂੰ ਲੋਕਾਂ ਨੂੰ ਵੰਡਣ ਤੇ ਨਫਰਤ ਫੈਲਾਉਣ ਵਾਲੀ ਕਰਾਰ ਦਿੱਤਾ ਹੈ। ਕਸ਼ਯਪ, ਜਿਹੜੇ ਹਾਲ ਹੀ ਵਿੱਚ ਇੱਕ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣ ਕੇਰਲਾ ਦੇ ਸ਼ਹਿਰ ਕੋਚੀ ਗਏ ਸਨ, ਨੇ ਕਿਹਾ ਹੈ ਕਿ ਕਾਮਾਖਯਾ ਨਾਰਾਇਣ ਸਿੰਘ ਦੇ ਨਿਰਦੇਸ਼ਨ ਵਾਲੀ ਫਿਲਮ ਬਕਵਾਸ ਪ੍ਰਾਪੇਗੰਡਾ ਫਿਲਮ ਹੈ, ਜਿਹੜੀ ਲਾਲਚ-ਵਸ ਬਣਾਈ ਗਈ ਹੈ। ਉਨ੍ਹਾ ਕਿਹਾ, ‘ਐਸੇ ਤੋ ਲੋਗ ਖਿਚੜੀ ਭੀ ਨਹੀਂ ਖਿਲਾਤੇ ਜੈਸਾ ਮੂਵੀ ਮੇਂ ਬੀਫ (ਗਊ ਦਾ ਮਾਸ) ਖਿਲਾ ਰਹੇ ਹੈਂ।’
ਉਲਕਾ ਗੁਪਤਾ, ਆਦਿਤੀ ਭਾਟੀਆ ਤੇ ਐਸ਼ਵਰਿਆ ਓਝਾ ਦੀ ਇਹ ਫਿਲਮ 2023 ਵਿੱਚ ਬਣਾਈ ਗਈ ‘ਦੀ ਕੇਰਲਾ ਸਟੋਰੀ’ ਦਾ ਅਗਲਾ ਹਿੱਸਾ ਹੈ। ਇਸ ਦਾ ਟਰੇਲਰ 17 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ। ਪਹਿਲੀ ਫਿਲਮ ਨੂੰ 71ਵੇਂ ਕੌਮੀ ਫਿਲਮ ਐਵਾਰਡ ਸਮਾਰੋਹ ਦੌਰਾਨ ਦੋ ਐਵਾਰਡ ਮਿਲੇ ਸਨ। ਇਸ ਫਿਲਮ ਵਿੱਚ ਸ਼ਾਲਿਨੀ (ਅਦਾ ਸ਼ਰਮਾ) ਨੇ ਕੇਰਲਾ ਦੀ ਹਿੰਦੂ ਮੁਟਿਆਰ ਦਾ ਰੋਲ ਨਿਭਾਇਆ ਸੀ, ਜਿਸ ਨੂੰ ਇਸਲਾਮ ਧਰਮ ਕਬੂਲ ਕਰਵਾ ਕੇ ਦਹਿਸ਼ਤਗਰਦ ਬਣਾ ਦਿੱਤਾ ਜਾਂਦਾ ਹੈ। ਉਹ ਇਸਲਾਮੀ ਅੱਤਵਾਦੀ ਆਸਿਫਾ (ਸੋਨੀਆ ਬਲਾਨੀ) ਦੀ ਸਹੇਲੀ ਬਣ ਜਾਂਦੀ ਹੈ ਤੇ ਸੀਰੀਆ ਪੁੱਜ ਕੇ ਆਤਮਘਾਤੀ ਬੰਬਰ ਬਣ ਜਾਂਦੀ ਹੈ। ਇਸ ਫਿਲਮ ਨੇ ਕੌਮਾਂਤਰੀ ਪੱਧਰ ’ਤੇ 300 ਕਰੋੜ ਰੁਪਏ ਕਮਾਏ ਸਨ। ਦੂਜੀ ਫਿਲਮ 27 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।




