ਨਵੀਂ ਦਿੱਲੀ : ਹਵਾਈ ਯਾਤਰੀਆਂ ਨੂੰ ਰਾਹਤ ਦਿੰਦਿਆਂ ਭਾਰਤੀ ਹਵਾਬਾਜ਼ੀ ਰੈਗੁਲੇਟਰੀ ਨੇ ਏਅਰਲਾਈਨਾਂ ਲਈ ਟਿਕਟ ਰਿਫੰਡ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ। ਹੁਣ ਕੁਝ ਸ਼ਰਤਾਂ ਅਧੀਨ ਯਾਤਰੀ ਟਿਕਟ ਬੁੱਕ ਕਰਨ ਦੇ 48 ਘੰਟਿਆਂ ਅੰਦਰ ਬਿਨਾਂ ਕੋਈ ਵਾਧੂ ਫੀਸ ਦਿੱਤੇ ਆਪਣੀ ਟਿਕਟ ਕੈਂਸਲ ਕਰ ਸਕਦੇ ਹਨ ਜਾਂ ਉਸ ਵਿੱਚ ਬਦਲਾਅ ਕਰ ਸਕਦੇ ਹਨ।
ਜੇ ਟਿਕਟ ਸਿੱਧੀ ਏਅਰਲਾਈਨ ਦੀ ਵੈੱਬਸਾਈਟ ਤੋਂ ਬੁੱਕ ਕੀਤੀ ਗਈ ਹੈ ਅਤੇ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਯਾਤਰੀ ਆਪਣੇ ਨਾਂਅ ਦੀ ਗਲਤੀ ਸੁਧਾਰਨ ਲਈ ਕਹਿੰਦਾ ਹੈ, ਤਾਂ ਏਅਰਲਾਈਨ ਇਸ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ।
ਇਸ ਤੋਂ ਇਲਾਵਾ ਜੇ ਟਿਕਟ ਕਿਸੇ ਟਰੈਵਲ ਏਜੰਟ ਜਾਂ ਪੋਰਟਲ ਰਾਹੀਂ ਲਈ ਗਈ ਹੈ, ਤਾਂ ਵੀ ਰਿਫੰਡ ਦੀ ਜ਼ਿੰਮੇਵਾਰੀ ਏਅਰਲਾਈਨ ਦੀ ਹੋਵੇਗੀ। ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਫੰਡ ਦੀ ਪ੍ਰਕਿਰਿਆ 14 ਕੰਮਕਾਜੀ ਦਿਨਾਂ ਦੇ ਅੰਦਰ ਪੂਰੀ ਹੋ ਜਾਵੇ। ਕਿਸੇ ਮੈਡੀਕਲ ਐਮਰਜੈਂਸੀ ਕਾਰਨ ਟਿਕਟ ਕੈਂਸਲ ਕਰਵਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ।
ਏਅਰਲਾਈਨਾਂ ਨੂੰ ਯਾਤਰੀਆਂ ਨੂੰ 48 ਘੰਟਿਆਂ ਲਈ ‘ਲੁੱਕ-ਇਨ ਆਪਸ਼ਨ’ ਦੇਣ ਲਈ ਕਿਹਾ ਗਿਆ ਹੈ। ਜੇ ਘਰੇਲੂ ਫਲਾਈਟ ਵਿੱਚ 7 ਦਿਨਾਂ ਤੋਂ ਘੱਟ ਅਤੇ ਅੰਤਰਰਾਸ਼ਟਰੀ ਫਲਾਈਟ ਵਿੱਚ 15 ਦਿਨਾਂ ਤੋਂ ਘੱਟ ਦਾ ਸਮਾਂ ਰਹਿੰਦਾ ਹੋਵੇ ਤਾਂ ਇਹ ਸਹੂਲਤ ਨਹੀਂ ਮਿਲੇਗੀ। ਬੁਕਿੰਗ ਦੇ 48 ਘੰਟਿਆਂ ਤੋਂ ਬਾਅਦ ਇਹ ਵਿਕਲਪ ਨਹੀਂ ਮਿਲੇਗਾ ਅਤੇ ਯਾਤਰੀ ਨੂੰ ਟਿਕਟ ਰੱਦ ਕਰਨ ਜਾਂ ਬਦਲਣ ਲਈ ਨਿਰਧਾਰਤ ਫੀਸ ਦੇਣੀ ਪਵੇਗੀ। ਇਹ ਸੋਧਾਂ ਯਾਤਰੀਆਂ ਵੱਲੋਂ ਰਿਫੰਡ ਨਾ ਮਿਲਣ ਦੀਆਂ ਲਗਾਤਾਰ ਵਧ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀਆਂ ਗਈਆਂ ਹਨ। ਖਾਸ ਕਰਕੇ ਦਸੰਬਰ 2025 ਵਿੱਚ ਇੰਡੀਗੋ ਦੀਆਂ ਉਡਾਣਾਂ ਵਿੱਚ ਹੋਈ ਦਿੱਕਤ ਤੋਂ ਬਾਅਦ ਇਹ ਮੁੱਦਾ ਕਾਫੀ ਚਰਚਾ ਵਿੱਚ ਰਿਹਾ ਸੀ। ਨਵੇਂ ਨਿਯਮ 24 ਫਰਵਰੀ ਤੋਂ ਜਾਰੀ ਕੀਤੇ ਗਏ ਹਨ।


