ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿਮ ਬਾਈਂਡਿੰਗ ਦੇ ਨਿਯਮਾਂ ਨੂੰ ਲਾਗੂ ਕਰਨ ਲਈ ਦਿੱਤੀ ਗਈ 28 ਫਰਵਰੀ ਦੀ ਆਖਰੀ ਤਰੀਕ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਨਵੇਂ ਨਿਯਮਾਂ ਅਨੁਸਾਰ 1 ਮਾਰਚ ਤੋਂ ਤੁਹਾਡੇ ਮੋਬਾਇਲ ਵਿੱਚ ਉਹ ਸਿਮ ਕਾਰਡ ਹੋਣਾ ਲਾਜ਼ਮੀ ਹੋਵੇਗਾ, ਜਿਸ ਨੰਬਰ ’ਤੇ ਤੁਹਾਡਾ ਵਟਸਐਪ ਜਾਂ ਹੋਰ ਐਪ ਚੱਲ ਰਿਹਾ ਹੈ। ਜੇ ਫੋਨ ਵਿੱਚ ਸਿਮ ਕਾਰਡ ਨਹੀਂ ਹੋਵੇਗਾ ਤਾਂ ਵਟਸਐਪ, ਟੈਲੀਗ੍ਰਾਮ, ਸਿਗਨਲ, ਸਨੈਪਚੈਟ, ਸ਼ੇਅਰਚੈਟ ਅਤੇ ਜੀਓਚੈਟ ਵਰਗੇ ਮੈਸੇਜਿੰਗ ਐਪਸ ਕੰਮ ਕਰਨਾ ਬੰਦ ਕਰ ਦੇਣਗੇ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਸਿਰਫ ਵਾਈ-ਫਾਈ ਦੀ ਵਰਤੋਂ ਕਰਕੇ ਬਿਨਾਂ ਸਿਮ ਵਾਲੇ ਫੋਨ ’ਤੇ ਇਹ ਐਪਸ ਨਹੀਂ ਚਲਾ ਸਕੋਗੇ।
ਨਵੇਂ ਨਿਯਮਾਂ ਦਾ ਅਸਰ ਕੰਪਿਊਟਰ ਜਾਂ ਲੈਪਟਾਪ ’ਤੇ ਵਟਸਐਪ ਵਰਤਣ ਵਾਲੇ ਲੋਕਾਂ ’ਤੇ ਵੀ ਪਵੇਗਾ। ਹੁਣ ਕੰਪਿਊਟਰ ’ਤੇ ਲਾਗਇਨ ਕੀਤਾ ਹੋਇਆ ਵਟਸਐਪ ਹਰ 6 ਘੰਟੇ ਬਾਅਦ ਆਪਣੇ ਆਪ ਲਾਗਆਊਟ ਹੋ ਜਾਵੇਗਾ। ਇਸ ਤੋਂ ਬਾਅਦ ਵਰਤੋਂਕਾਰਾਂ ਨੂੰ ਮੁੜ ਕਿਊ ਆਰ ਕੋਡ ਸਕੈਨ ਕਰਕੇ ਲਾਗਇਨ ਕਰਨਾ ਪਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਸਾਈਬਰ ਅਪਰਾਧੀਆਂ ਅਤੇ ਧੋਖੇਬਾਜ਼ਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਦਾ ਡਾਟਾ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਰਹੇਗਾ। ਇਹ ਕਦਮ ਖਾਸ ਤੌਰ ’ਤੇ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਫਰਜ਼ੀ ਅਕਾਊਂਟਾਂ ’ਤੇ ਲਗਾਮ ਲਗਾਉਣ ਲਈ ਚੁੱਕਿਆ ਗਿਆ ਹੈ।


