ਲਾ ਪਾਜ਼ : ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਨੇੜੇ ਸ਼ੁੱਕਰਵਾਰ ਇੱਕ ਜਹਾਜ਼ ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ।
ਫਾਇਰ ਬਿ੍ਰਗੇਡ ਦੇ ਅਧਿਕਾਰੀਆਂ ਅਨੁਸਾਰ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਨੇੜਲੇ ਹਾਈਵੇ ’ਤੇ ਜਾ ਰਹੇ ਵਾਹਨਾਂ ਨਾਲ ਟਕਰਾ ਗਿਆ। ਇਹ ਜਹਾਜ਼ ਬੋਲੀਵੀਆ ਦੀ ਹਵਾਈ ਸੈਨਾ ਦਾ ‘ਹਰਕੂਲਸ’ ਜਹਾਜ਼ ਸੀ, ਜੋ ਕੇਂਦਰੀ ਬੈਂਕ ਦੇ ਨਵੇਂ ਨੋਟ ਦੂਜੇ ਸ਼ਹਿਰਾਂ ਵਿੱਚ ਲੈ ਕੇ ਜਾ ਰਿਹਾ ਸੀ। ਜਹਾਜ਼ ਦੇ ਟਕਰਾਉਣ ਕਾਰਨ ਹਾਈਵੇ ’ਤੇ ਮੌਜੂਦ 15 ਗੱਡੀਆਂ ਨੁਕਸਾਨੀਆਂ ਗਈਆਂ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਸੜਕ ’ਤੇ ਜਹਾਜ਼ ਦਾ ਮਲਬਾ, ਸੜੀਆਂ ਹੋਈਆਂ ਕਾਰਾਂ ਅਤੇ ਲਾਸ਼ਾਂ ਖਿਲਰੀਆਂ ਦਿਖਾਈ ਦੇ ਰਹੀਆਂ ਹਨ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਰਨ ਵਾਲੇ ਲੋਕ ਜਹਾਜ਼ ਵਿੱਚ ਸਵਾਰ ਸਨ ਜਾਂ ਸੜਕ ’ਤੇ ਜਾ ਰਹੀਆਂ ਕਾਰਾਂ ਵਿੱਚ। ਸੈਂਕੜੇ ਲੋਕ ਖਿੱਲਰੇ ਹੋਏ ਨੋਟਾਂ ਨੂੰ ਇਕੱਠਾ ਕਰਨ ਲਈ ਮੌਕੇ ’ਤੇ ਪਹੁੰਚ ਗਏ। ਸਥਿਤੀ ਏਨੀ ਵਿਗੜ ਗਈ ਕਿ ਪੁਲਸ ਨੂੰ ਭੀੜ ਨੂੰ ਖਿੰਡਾਉਣ ਲਈ ਦੰਗਾ ਵਿਰੋਧੀ ਸਾਜ਼ੋ-ਸਾਮਾਨ ਦੀ ਵਰਤੋਂ ਕਰਨੀ ਪਈ।
ਪਟਾਕਾ ਫੈਕਟਰੀ ’ਚ ਧਮਾਕਾ, 18 ਮੌਤਾਂ
ਆਂਧਰਾ : ਕਾਕੀਨਾਡਾ ਜ਼ਿਲ੍ਹੇ ਦੇ ਵੇਟਲਾਪਾਲੇਮ ਪਿੰਡ ਵਿੱਚ ਇੱਕ ਪਟਾਕਾ ਯੂਨਿਟ ਵਿੱਚ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੀ ਗ੍ਰਹਿ ਮੰਤਰੀ ਵੰਗਾਲਾਪੁੜੀ ਅਨੀਤਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਅਤੇ ਕਈ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਧਮਾਕੇ ਦੌਰਾਨ ਫੈਕਟਰੀ ਵਿੱਚ ਲਗਪਗ 20 ਲੋਕ ਕੰਮ ਕਰ ਰਹੇ ਸਨ।




