ਸਰਕਾਰ ਨੇ ਰਵੱਈਆ ਨਾ ਬਦਲਿਆ ਤਾਂ ਆਰ-ਪਾਰ ਦੀ ਲੜਾਈ ਹੋਵੇਗੀ : ਧਾਲੀਵਾਲ

0
3

ਸਾਥੀ ਜਸਵੰਤ ਸਿੰਘ ਸਮਰਾ ਨੂੰ ਸ਼ਰਧਾਂਜਲੀਆਂ

ਜਲੰਧਰ (ਰਾਜੇਸ਼ ਥਾਪਾ)
ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਬਾਨੀ ਸਾਥੀ ਜਸਵੰਤ ਸਿੰਘ ਸਮਰਾ ਦੀ 22ਵੀਂ ਸਾਲਾਨਾ ਬਰਸੀ ਸਾਥੀ ਜਸਵੰਤ ਸਿੰਘ ਸਮਰਾ ਯਾਦਗਾਰੀ ਹਾਲ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਜਥੇਬੰਦੀ ਦੀ ਲੀਡਰਸ਼ਿਪ ਤੋਂ ਇਲਾਵਾ ਜਗਰੂਪ ਸਿੰਘ ਅਤੇ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵਿਛੜੇ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਏਟਕ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਵਿੱਚ ਜਥੇਬੰਦੀ ਦੀ ਸਮੁੱਚੀ ਟੀਮ ਦੇ ਸਾਥੀ ਸ਼ਾਮਲ ਹੋਏ। ਬੇਅੰਤ ਸਿੰਘ, ਗੁਰਜੰਟ ਸਿੰਘ ਕੋਕਰੀ, ਗੁਰਦੀਪ ਸਿੰਘ ਮੋਤੀ, ਜਗਤਾਰ ਸਿੰਘ ਭੁੰਗਰਾਨੀ, ਰਜਿੰਦਰ ਸਿੰਘ ਮੰਡ, ਜਗਦੀਸ਼ ਸਿੰਘ ਚਾਹਲ ਤੇ ਸੀਨੀਅਰ ਪੱਤਰਕਾਰ ਜਤਿੰਦਰ ਪਨੂੰ ਨੇ ਹਾਜ਼ਰੀ ਭਰ ਕੇ ਆਪਣੇ ਵਿਚਾਰ ਸਾਂਝੇ ਕੀਤੇ।ਆਗੂਆਂ ਆਪਣੇ ਵਿਚਾਰ ਰੱਖਦਿਆਂ ਜਸਵੰਤ ਸਿੰਘ ਸਮਰਾ ਵੱਲੋਂ ਟ੍ਰਾਂਸਪੋਰਟ ਅਦਾਰੇ ਅਤੇ ਕਿਰਤੀ ਕਾਮਿਆਂ ਲਈ ਕੀਤੇ ਗਏ ਸੰਘਰਸ਼ਾਂ ਬਾਰੇ ਜਾਣੂ ਕਰਵਾਇਆ। ਸਮਾਗਮ ਵਿੱਚ ਬੈਂਕ ਫੈਡਰੇਸ਼ਨ ਦੇ ਵੀਰ ਰਹੀਮਪੁਰੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਨਿਰਮਲ ਸਿੰਘ ਧਾਲੀਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਟ੍ਰਾਂਸਪੋਰਟ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਸਰਕਾਰੀ ਟ੍ਰਾਂਸਪੋਰਟ (ਪੰਜਾਬ ਰੋਡਵੇਜ਼ ਅਤੇ ਪਨਬੱਸ) ਨੂੰ ਮਜ਼ਬੂਤ ਕਰਨ ਦੀ ਬਜਾਏ ਇਸ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਉਹਨਾ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਿਛਲੇ ਚਾਰ ਸਾਲਾਂ ਦੇ ਲੰਮੇ ਅਰਸੇ ਦੌਰਾਨ ਸਰਕਾਰ ਵੱਲੋਂ ਰੋਡਵੇਜ਼ ਦੇ ਬੇੜੇ ਵਿੱਚ ਇੱਕ ਵੀ ਨਵੀਂ ਬੱਸ ਸ਼ਾਮਲ ਨਹੀਂ ਕੀਤੀ ਗਈ। ਬੱਸਾਂ ਦੀ ਕਮੀ ਕਾਰਨ ਕਈ ਰੂਟ ਪ੍ਰਭਾਵਤ ਹੋ ਰਹੇ ਹਨ, ਜਿਸ ਦਾ ਸਿੱਧਾ ਫਾਇਦਾ ਨਿੱਜੀ ਟ੍ਰਾਂਸਪੋਰਟ ਮਾਫੀਆ ਨੂੰ ਮਿਲ ਰਿਹਾ ਹੈ। ਉਨ੍ਹਾ ਕਿਹਾ ਕਿ ਜੇਕਰ ਸਰਕਾਰੀ ਬੇੜੇ ਵਿੱਚ ਨਵੀਆਂ ਬੱਸਾਂ ਨਹੀਂ ਪਾਈਆਂ ਜਾਂਦੀਆਂ, ਤਾਂ ਮੌਜੂਦਾ ਬੱਸਾਂ ਕੰਡਮ ਹੋਣ ਕਾਰਨ ਹੌਲੀ-ਹੌਲੀ ਸੜਕਾਂ ਤੋਂ ਲਹਿ ਜਾਣਗੀਆਂ।ਇਸ ਨਾਲ ਸਰਕਾਰੀ ਟ੍ਰਾਂਸਪੋਰਟ ਦਾ ਵਜੂਦ ਖ਼ਤਮ ਹੋ ਜਾਵੇਗਾ ਅਤੇ ਆਮ ਜਨਤਾ ਨਿੱਜੀ ਬੱਸ ਮਾਲਕਾਂ ਦੀ ਲੁੱਟ ਦਾ ਸ਼ਿਕਾਰ ਹੋਵੇਗੀ।ਉਨ੍ਹਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਟ੍ਰਾਂਸਪੋਰਟ ਵਰਕਰਾਂ ਦੀ ਘਾਟ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ ਸਰਕਾਰ ਦੀ ਮਾਰੂ ਨੀਤੀ ਦਾ ਹਿੱਸਾ ਹੈ। ਧਾਲੀਵਾਲ ਨੇ ਸਮੂਹ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ 7 ਮਾਰਚ ਨੂੰ ਹੋਣ ਵਾਲੀ ਵਿਸ਼ਾਲ ਰੈਲੀ ਵਿੱਚ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾਇਆ ਜਾਵੇਗਾ।? ਉਨ੍ਹਾ ਕਿਹਾ ਕਿ ਏਟਕ ਹਮੇਸ਼ਾ ਲੋਕ ਹਿੱਤਾਂ ਅਤੇ ਮੁਲਾਜ਼ਮ ਹੱਕਾਂ ਲਈ ਲੜਦੀ ਰਹੀ ਹੈ ਅਤੇ ਰੋਡਵੇਜ਼ ਨੂੰ ਬਚਾਉਣ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗੀ।
ਜਗਰੂਪ ਸਿੰਘ ਨੇ ਸਰਕਾਰ ਦੇ ਕੰਮਕਾਜ ’ਤੇ ਸਵਾਲ ਉਠਾਉਦਿਆਂ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇਗਾ, ਪਰ ਅੱਜ ਵੀ ਹਜ਼ਾਰਾਂ ਮੁਲਾਜ਼ਮ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਅਤੇ ਰੈਗੂਲਰ ਹੋਣ ਦੀ ਉਡੀਕ ਵਿੱਚ ਬੁੱਢੇ ਹੋ ਰਹੇ ਹਨ।ਉਨ੍ਹਾ ਕਿਹਾ ਕਿ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਸਿਰਫ ਡਰਾਮਾ ਕੀਤਾ ਹੈ। ਜ਼ਮੀਨੀ ਪੱਧਰ ’ਤੇ ਅਜੇ ਤੱਕ ਨੋਟੀਫਿਕੇਸ਼ਨ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਸਰਕਾਰ ਮੁਲਾਜ਼ਮਾਂ ਦੇ ਬਣਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਦੱਬੀ ਬੈਠੀ ਹੈ। ਵਧਦੀ ਮਹਿੰਗਾਈ ਦੇ ਦੌਰ ਵਿੱਚ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕ ਨਾ ਦੇਣਾ ਆਰਥਿਕ ਸ਼ੋਸ਼ਣ ਦੇ ਬਰਾਬਰ ਹੈ। ਛੇਵੇਂ ਪੇ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨਾ ਅਤੇ ਕਈ ਸ਼੍ਰੇਣੀਆਂ ਦੇ ਭੱਤਿਆਂ ਵਿੱਚ ਕਟੌਤੀ ਕਰਨਾ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦਾ ਸਬੂਤ ਹੈ। ਸਰਕਾਰ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ‘ਰੰਗਲਾ ਪੰਜਾਬ’ ਦਾ ਦਾਅਵਾ ਤਾਂ ਕਰ ਰਹੀ ਹੈ, ਪਰ ਅਸਲੀਅਤ ਵਿੱਚ ਪੰਜਾਬ ਦਾ ਪੜ੍ਹਿਆ-ਲਿਖਿਆ ਮੁਲਾਜ਼ਮ ਵਰਗ ਅੱਜ ਲਾਠੀਆਂ ਅਤੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰ ਰਿਹਾ ਹੈ। ਲੋਕਤੰਤਰ ਵਿੱਚ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾਂਦੇ ਹਨ, ਨਾ ਕਿ ਮੁਲਾਜ਼ਮਾਂ ਦੀ ਆਵਾਜ਼ ਦਬਾਅ ਕੇ।
ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਯਾਦ ਕਰਦਿਆਂ ਸੀਨੀਅਰ ਪੱਤਰਕਾਰ ਜਤਿੰਦਰ ਪਨੂੰ ਨੇ ਕਿਹਾ ਕਿ ਸਮਰਾ ਜੀ ਨੇ ਜਥੇਬੰਦੀ ਦੇ ਬਾਨੀ ਵਜੋਂ ਭੂਮਿਕਾ ਨਿਭਾਈ। ਕਾਮਰੇਡ ਸਮਰਾ ਨੇ ਉਸ ਸਮੇਂ ਪੰਜਾਬ ਰੋਡਵੇਜ਼ ਦੇ ਕਾਮਿਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ, ਜਦੋਂ ਸਰਕਾਰੀ ਤੰਤਰ ਵਿੱਚ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਸੀ। ਉਨ੍ਹਾ ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਨੀਂਹ ਰੱਖੀ। ਪਨੂੰ ਮੁਤਾਬਕ ਸਮਰਾ ਨੇ ਸਿਰਫ਼ ਇੱਕ ਯੂਨੀਅਨ ਨਹੀਂ ਬਣਾਈ, ਸਗੋਂ ਕਾਮਿਆਂ ਵਿੱਚ ‘ਜਮਾਤੀ ਚੇਤਨਾ’ ਪੈਦਾ ਕੀਤੀ। ਉਹਨਾ ਦੀ ਅਗਵਾਈ ’ਚ ਯੂਨੀਅਨ ਨੇ ਕਈ ਇਤਿਹਾਸਕ ਪ੍ਰਾਪਤੀਆਂ ਕੀਤੀਆਂ। ਪਹਿਲਾਂ ਡਰਾਈਵਰਾਂ ਤੇ ਕੰਡਕਟਰਾਂ ਤੋਂ ਬਿਨਾਂ ਕਿਸੇ ਸਮਾਂ-ਸੀਮਾ ਦੇ ਕੰਮ ਲਿਆ ਜਾਂਦਾ ਸੀ। ਯੂਨੀਅਨ ਨੇ ਇਸ ਵਿਰੁੱਧ ਆਵਾਜ਼ ਉਠਾਈ ਤੇ ਸਰਕਾਰ ਨੂੰ ਮਜਬੂਰ ਕੀਤਾ ਗਿਆ ਕਿ ਉਹ ਰੋਡਵੇਜ਼ ਕਾਮਿਆਂ ਦੀ ਮਿਹਨਤ ਮੁਤਾਬਕ ਉਜਰਤਾਂ ਤੈਅ ਕਰੇ। ਕਾਮਿਆਂ ਨੂੰ ਨੌਕਰੀ ਤੋਂ ਕੱਢਣ ਦੀਆਂ ਮਨਮਾਨੀਆਂ ਨੀਤੀਆਂ ਵਿਰੁੱਧ ਲੜਾਈ ਲੜੀ ਗਈ। ਪਨੂੰ ਨੇ ਕਿਹਾ ਕਿ ਸਮਰਾ ਵਰਗੇ ਆਗੂਆਂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾ ਦੀ ਨਿੱਜੀ ਇਮਾਨਦਾਰੀ ਸੀ।ਉਨ੍ਹਾ ਰੋਡਵੇਜ਼ ਦੇ ਹਜ਼ਾਰਾਂ ਕਾਮਿਆਂ ਨੂੰ ਇੱਕ ਝੰਡੇ ਹੇਠ ਲਿਆ ਕੇ ਇਹ ਸਾਬਤ ਕੀਤਾ ਕਿ ਜੇਕਰ ਕਿਰਤੀ ਜਮਾਤ ਇੱਕਮੁੱਠ ਹੋਵੇ ਤਾਂ ਕੋਈ ਵੀ ਸਰਕਾਰ ਉਨ੍ਹਾਂ ਨੂੰ ਅਣਗੌਲਿਆ ਨਹੀਂ ਕਰ ਸਕਦੀ। ਅੱਜ ਵੀ ਜਦੋਂ ਪੰਜਾਬ ਰੋਡਵੇਜ਼ ਦੇ ਕਾਮੇ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਦੇ ਹਨ ਤਾਂ ਕਾਮਰੇਡ ਜਸਵੰਤ ਸਿੰਘ ਸਮਰਾ ਦੁਆਰਾ ਬਣਾਈ ਗਈ ਜਥੇਬੰਦਕ ਬੁਨਿਆਦ ਹੀ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੀ ਹੈ। ਇਸ ਮੌਕੇ ਹਾਜ਼ਰ ਸਾਥੀਆਂ ਦਾ ਕਿਰਪਾਲ ਸਿੰਘ ਜੌਹਲ ਵੱਲੋਂ ਧੰਨਵਾਦ ਕੀਤਾ ਗਿਆ।